ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ(ਮੁਹਾਲੀ), 19 ਮਾਰਚ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਕੁਲਵੰਤ ਸਿੰਘ ਉੱਤੇ ਕਾਂਗਰਸੀ ਵਰਕਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਪੁਲੀਸ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਸਾਰੇ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਵਰਕਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਂਗਰਸ ਪਾਰਟੀ ਦੀ ਸਮੁੱਚੀ ਹਾਈਕਮਾਂਡ ਦੀ ਅਗਵਾਈ ਹੇਠ ਲਾਂਡਰਾਂ ਚੌਕ ਵਿੱਚ ਜਾਮ ਲਗਾਇਆ ਜਾਵੇਗਾ।
ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਵਿਧਾਇਕ ਦੇ ਸਮਰਥਕਾਂ ਨੇ 10 ਮਾਰਚ ਵਾਲੇ ਦਿਨ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਦੇ ਘਰਾਂ ਅੱਗੇ ਵੀ ਦੇਰ ਰਾਤ ਤੱਕ ਪਟਾਕੇ ਚਲਾਏ। ਉਨ੍ਹਾਂ ਦੇ ਕੁੰਭੜਾ ਪਿੰਡ ਵਿਚਲੇ ਸਮਰਥਕਾਂ ਦੀ ਕੁੱਟਮਾਰ ਕੀਤੀ ਗਈ। ਸਫ਼ੀਪੁਰ ਪਿੰਡ ਵਿੱਚ ਵੀ ਉਨ੍ਹਾਂ ਦੇ ਸਮਰਥਕ ਨੂੰ ਬੰਨ੍ਹ ਕੇ ਕੁੱਟਿਆ ਗਿਆ ਅਤੇ ਕਾਂਗਰਸੀ ਸਰਪੰਚ ਤੇ ਚਾਰ ਹੋਰ ਵਿਅਕਤੀਆਂ ਉੱਤੇ ਕੇਸ ਦਰਜ ਕੀਤਾ ਗਿਆ ਪਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਇੱਥੋਂ ਦੇ ਇਕ ਹੋਟਲ ’ਤੇ ਗੋਲੀਆਂ ਚੱਲਣ ਮਗਰੋਂ ਸਾਹਮਣੇ ਆਈ ਗੱਡੀ ਵਿਧਾਇਕ ਦੀ ਕੰਪਨੀ ਦੀ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਮੰਗੀ। ਸਾਬਕਾ ਮੰਤਰੀ ਨੇ ਆਖਿਆ ਕਿ ਉਹ ਪਿਛਲੇ 30 ਸਾਲਾਂ ਤੋਂ ਮੁਹਾਲੀ ਵਿੱਚ ਕੰਮ ਕਰ ਰਹੇ ਹਨ ਤੇ ਉਨ੍ਹਾਂ ਅੱਜ ਤੱਕ ਕਦੇ ਅਜਿਹਾ ਮਾਹੌਲ ਨਹੀਂ ਦੇਖਿਆ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਧਿਰ ਬਣਾ ਕੇ ਅਦਾਲਤ ਜਾਣ ਦੀ ਗੱਲ ਆਖੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾ ਆਦਿ ਹਾਜ਼ਰ ਸਨ।
ਸਿੱਧੂ ਲੋਕ ਫ਼ਤਵਾ ਕਬੂਲ ਕਰ ਕੇ ਘਰ ਬੈਠ ਜਾਣ: ਵਿਧਾਇਕ
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਬਲਬੀਰ ਸਿੱਧੂ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸਿੱਧੂ ਪੰਜ ਸਾਲ ਲੋਕਾਂ ਉੱਤੇ ਝੂਠੇ ਕੇਸ ਦਰਜ ਕਰਵਾਉਂਦੇ ਰਹੇ ਹਨ ਅਤੇ ਇਸੇ ਕਰ ਕੇ ਹੁਣ ਉਨ੍ਹਾਂ ਨੂੰ ਹਰ ਕੇਸ ਝੂਠਾ ਜਾਪਦਾ ਹੈ। ਪੁਲੀਸ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਲਈ ਆਖਿਆ ਗਿਆ ਹੈ। ਬਲਬੀਰ ਸਿੱਧੂ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ, ਜਿਸ ਕਰ ਕੇ ਉਹ ਬੇਤੁਕੇ ਦੋਸ਼ ਲਗਾ ਰਹੇ ਹਨ। ਸਾਬਕਾ ਕਾਂਗਰਸੀ ਵਿਧਾਇਕ ਨੂੰ ਲੋਕਾਂ ਵੱਲੋਂ ਦਿੱਤਾ ਫ਼ਤਵਾ ਪ੍ਰਵਾਨ ਕਰ ਕੇ ਆਪਣੇ ਘਰ ਬੈਠ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਹਲਕੇ ਦੇ ਨੁਮਾਇੰਦੇ ਹਨ ਤੇ ਬਿਨਾ ਕਿਸੇ ਪੱਖਪਾਤ ਤੋਂ ਮੁਹਾਲੀ ਹਲਕੇ ਵਿੱਚ ਕਾਨੂੰਨ ਦਾ ਰਾਜ ਬਹਾਲ ਕਰਨ ਤੇ ਵਿਕਾਸ ਕਰਵਾਉਣ ਲਈ ਵਚਨਬੱਧ ਹਨ।