ਕੁਲਦੀਪ ਿਸੰਘ
ਚੰਡੀਗੜ੍ਹ, 1 ਅਕਤੂਬਰ
ਕੌਮੀ ਸਿੱਖਿਆ ਨੀਤੀ-2020 ਆਤਮ ਨਿਰਭਰ ਭਰਤ ਦਾ ਆਧਾਰ ਸਾਬਤ ਹੋਵੇਗੀ ਅਤੇ ਸਹੀ ਅਰਥਾਂ ਵਿੱਚ ਆਤਮ ਨਿਰਭਰ ਭਾਰਤ ਦੇ ਉਦੇਸ਼ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਇਹ ਵਿਚਾਰ ਅੱਜ ਪੀਯੂ ਦੇ ਉੱਤਰੀ ਕੈਂਪਸ ਵਿਚ ਮਨੁੱਖੀ ਸਰੋਤ ਵਿਕਾਸ ਕੇਂਦਰ ਦੀ ਨਵੀਂ ਬਣੀ ਇਮਾਰਤ ਦਾ ਵਰਚੁਅਲ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਵੇਂ ਸਾਡਾ ਸਮਾਜ ਤੇ ਸਮਾਜਿਕ ਵਾਤਾਵਰਨ ਤਕਨੀਕ ਬਦਲਣ ਨਾਲ ਦਿਨੋ-ਦਿਨ ਬਦਲ ਰਿਹਾ ਹੈ, ਉਸ ਦੇ ਨਾਲ ਹੀ ਸਾਨੂੰ ਸਿੱਖਿਆ ਪ੍ਰਣਾਲੀ ਨੂੰ ਵੀ ਗਤੀਸ਼ੀਲ ਬਣਾਉਣਾ ਪਵੇਗਾ। ਡਾ. ਪੋਖਰਿਆਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਦੇਸ਼ ਇੱਕ ਐਜੂਕੇਸ਼ਨ ਪਾਵਰ ਸੈਂਟਰ ਵਜੋਂ ਉੱਭਰੇਗਾ ਤੇ ਇਹ ਨੀਤੀ ਵਿਗਿਆਨਕ ਖੋਜ, ਭਵਿੱਖ ਦੀ ਵਿਕਾਸ ਦਰ ਤੇ ਰਾਸ਼ਟਰ ਨਿਰਮਾਣ ਵਿੱਚ ਅਗਵਾਈ ਕਰੇਗੀ। ਕੇਂਦਰੀ ਸਿੱਖਿਆ ਮੰਤਰੀ ਨੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦੀ ਯੋਗ ਅਗਵਾਈ ਵਿੱਚ ਅਧਿਆਪਨ ਅਤੇ ਖੇਡਾਂ ਦੇ ਖੇਤਰ ਵਿੱਚ ਨਿਰੰਤਰ ਉਚਾਈਆਂ ਪ੍ਰਾਪਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਵੀ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਮਨੁੱਖੀ ਸਰੋਤ ਵਿਕਾਸ ਕੇਂਦਰ ਦੀ ਇਸ ਨਵੀਂ ਇਮਾਰਤ ਦੇ ਵਰਚੁਅਲ ਉਦਘਾਟਨ ਲਈ ਕੇਂਦਰੀ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਵੱਲੋਂ ਨਵੀਂ ਸਿੱਖਿਆ ਨੀਤੀ-2020 ਲਿਆਉਣ ਲਈ ਕੀਤੇ ਗਏ ਸਾਰੇ ਯਤਨਾਂ ਦੀ ਸ਼ਲਾਘਾ ਕੀਤੀ।