ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੂਨ
ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਅੱਜ ‘ਖ਼ਬਰਾਂ ਤੋਂ ਹਟ ਕੇ-ਪੱਤਰਕਾਰਾਂ ਦਾ ਕਵੀ ਦਰਬਾਰ’ ਸਿਰਲੇਖ ਹੇਠ ਖੁੱਲ੍ਹੀ ਕਾਵਿ ਮਹਿਫ਼ਲ ਸਜਾਈ ਗਈ। ਇਸੇ ਤਰ੍ਹਾਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਕਵੀ ਤਾਂ ਸਿਰਫ਼ ਆਪਣੀਆਂ ਭਾਵਨਾਵਾਂ ਨੂੰ ਹੀ ਬਿਆਨ ਕਰਦਾ ਹੈ, ਪਰ ਜਦੋਂ ਪੱਤਰਕਾਰ ਕਵੀ ਬਣਦਾ ਹੈ ਤਦ ਉਸ ਦੀ ਕਵਿਤਾ ਵਿੱਚ ਭਾਵਨਾ ਦੇ ਨਾਲ-ਨਾਲ ਸਮਾਜਿਕ ਫਿਕਰ, ਸਮਾਜਿਕ ਚਿੰਤਾਵਾਂ, ਰਾਜਨੀਤੀ ਦਾ ਅਕਸ ਤੇ ਵਾਪਰ ਰਹੇ ਵਰਤਾਰੇ ਦਾ ਦ੍ਰਿਸ਼ ਵੀ ਸ਼ਾਮਲ ਹੁੰਦਾ ਹੈ। ਪੱਤਰਕਾਰਾਂ ਅਤੇ ਸਾਹਿਤਕਾਰ ਕਵੀਆਂ ਦੀ ਸਾਂਝੀ ਕਾਵਿ ਮਹਿਫ਼ਲ ਵਿਚ ਕਰੀਬ ਦੋ ਦਰਜਨ ਪੱਤਰਕਾਰਾਂ ਨੇ ਪੰਜਾਬੀ ਅਤੇ ਹਿੰਦੀ ਦੇ ਵਿੱਚ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ ਤੇ ਡੇਢ ਦਰਜਨ ਦੇ ਕਰੀਬ ਪੰਜਾਬੀ ਲੇਖਕ ਸਭਾ ਨਾਲ ਜੁੜੇ ਕਵੀਆਂ ਨੇ ਵੀ ਆਪਣੀ ਕਵਿਤਾ ਨਾਲ ਵੱਖਰੀ ਰਵਾਨਗੀ ਸਾਹਮਣੇ ਲਿਆਂਦੀ। ਸਾਂਝੇ ਕਵੀ ਦਰਬਾਰ ਵਿਚ ਪੰਜਾਬ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਲੋਕ ਸੰਪਰਕ ਅਧਿਕਾਰੀ ਕੁਲਤਾਰ ਮੀਆਂਪੁਰੀ ਤੇ ਬਲਜਿੰਦਰ ਸਿੰਘ ਨੇ ਜਿੱਥੇ ਆਪਣੀਆਂ ਨਜ਼ਮਾਂ ਨਾਲ ਤਾੜੀਆਂ ਲੁੱਟੀਆਂ। ਇਸ ਦੌਰਾਨ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸ਼ਾਇਰ ਤੇ ਲੇਖਕ ਡਾ. ਸੁਰਿੰਦਰ ਗਿੱਲ ਦੀ ਕਿਤਾਬ ‘ਰਾਜਨੀਤਿਕ ਪੰਜਾਬੀ ਕਵਿਤਾ’ ਵੀ ਲੋਕ ਅਰਪਣ ਕੀਤੀ ਗਈ।