ਚੰਡੀਗੜ੍ਹ, 27 ਸਤੰਬਰ
ਸਾਹਿਤਕਾਰ ਡਾ. ਵਿਨੋਦ ਕੁਮਾਰ ਸ਼ਰਮਾ ਦਾ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਸ਼ਿਖਰ ਕੀ ਓਰ’ ਅੱਜ ਪੰਜਾਬ ਯੂਨੀਵਰਸਿਟੀ ਦੇ ਆਈਸੀਐੱਸਐੱਸਆਰ ਆਡੀਟੋਰੀਅਮ ਵਿਚ ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਅਤੇ ਸੀਨੀਅਰ ਸਾਹਿਤਕਾਰ ਪਦਮਸ਼੍ਰੀ ਡਾ. ਹਰਮਹਿੰਦਰ ਸਿੰਘ ਬੇਦੀ ਦੀ ਅਗਵਾਈ ਹੇਠ ਸੰਵਾਦ ਸਾਹਿਤ ਮੰਚ ਵੱਲੋਂ ਰਿਲੀਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸੰਗ੍ਰਹਿ ਆਸ਼ਾਵਾਦੀ ਅਤੇ ਪ੍ਰੇਰਨਾਦਾਇਕ ਕਵਿਤਾਵਾਂ ਨਾਲ ਭਰਪੂਰ ਹੈ। ਸਾਹਿਤਕਾਰ ਪ੍ਰੇਮ ਵਿੱਜ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਕਾਵਿ ਸੰਗ੍ਰਹਿ ਵਿੱਚ ਪਰਿਵਾਰ, ਸਮਾਜ, ਵਾਤਾਵਰਨ ਦੇ ਨਾਲ-ਨਾਲ ਵਿਚਾਰਾਂ ਅਤੇ ਭਾਵਨਾਵਾਂ ਦੀਆਂ ਕਵਿਤਾਵਾਂ ਵੀ ਹਨ। ਸੁਤੰਤਰਤਾ ਸੈਨਾਨੀ ਉੱਤਰਾਧਿਕਾਰੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ.ਸ਼ਾਰਦਾ, ਭੰਡਾਰੀ ਅਦਬੀ ਟਰੱਸਟ ਦੇ ਚੇਅਰਮੈਨ ਅਤੇ ਕਵੀਆਂ ਅਸ਼ੋਕ ਨਾਦਿਰ, ਰਾਜੇਸ਼ ਸ਼ਰਮਾ ਅਤੇ ਮਧੂ ਸ਼ਰਮਾ ਨੇ ਕਿਹਾ ਕਿ ਸੰਗ੍ਰਹਿ ਵਿਚ ਭਾਰਤੀ ਸੰਸਕ੍ਰਿਤੀ, ਸੰਸਕਾਰ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਜ਼ਿਕਰ ਹੈ। ਅਮਰੀਕਾ ਤੋਂ ਆਈ ਵਿਦਿਆ ਧਾਮ ਦੀ ਪ੍ਰਧਾਨ ਡਾ. ਸਰਿਤਾ ਮਹਿਤਾ ਨੇ ਕਿਹਾ ਕਿ ਇਹ ਕਾਵਿ ਸੰਗ੍ਰਹਿ ਸਾਹਿਤ ਦੇ ਖੇਤਰ ਨੂੰ ਉਚਾਈਆਂ ’ਤੇ ਲਿਜਾਣ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਕਾਵਿ ਸੰਗ੍ਰਹਿ ਵਿੱਚ ਕੁੱਲ 48 ਰਚਨਾਵਾਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਕਾਵਿ ਸੰਗ੍ਰਹਿ ‘ਬਦਤੀ ਕਦਮ’ ਪ੍ਰਕਾਸ਼ਿਤ ਹੋ ਚੁੱਕਾ ਹੈ।