ਪੀਪੀ ਵਰਮਾ
ਪੰਚਕੂਲਾ, 7 ਮਈ
ਕੇਂਦਰ ਸਰਕਾਰ ਦੇ ਖੇਡਾਂ ਅਤੇ ਯੂਵਾ ਮਾਮਲਿਆਂ ਦੇ ਨਾਲ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਪੰਚਕੂਲਾ ਦੇ ਇੰਦਰਧਨੁੰਸ਼ ਆਡੀਟੋਰੀਅਮ ਵਿੱਚ ਖੇਲੋ ਇੰਡੀਆ ਯੂਥ ਗੇਮ-2021 ਦੀ ਸ਼ੁਰੂਆਤੀ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਖੇਲੋ ਇੰਡੀਆ ਦਾ ਲੋਗੋ ਵੀ ਰਿਲੀਜ਼ ਕੀਤਾ। ਕੇਂਦਰੀ ਮੰਤਰੀ ਠਾਕੁਰ ਨੇ ਕਿਹਾ ਕਿ ਇਸ ਖੇਲੋ ਇੰਡੀਆ ਯੂਥ ਗੇਮ ਵਿੱਚ ਯੁਵਾ ਖੇਡਾਂ ਵਿੱਚ ਪੰਜ ਰਵਾਇਤੀ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਖੇਡਾਂ 4 ਜੂਨ ਨੂੰ ਸ਼ੁਰੂ ਹੋਣਗੀਆਂ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਖਿਡਾਰੀਆਂ ਨੂੰ ਸਕੂਲੀ ਪੱਧਰ ਉੱਤੇ ਹੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਖੇਡ ਨਰਸਰੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਅਜਿਹਾ ਪਹਿਲਾ ਰਾਜ ਹੈ, ਜਿਹੜਾ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਨੂੰ ਨੌਕਰੀ ਦੇ ਨਾਲ-ਨਾਲ ਸਭ ਤੋਂ ਵੱਡੀ ਰਾਸ਼ੀ ਇਨਾਮ ਵਿੱਚ ਦਿੰਦਾ ਹੈ।
ਇਸ ਮੌਕੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ, ਡਿਪਟੀ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਅੰਬਾਲਾ ਹਲਕੇ ਦੇ ਸੰਸਦ ਰਤਨ ਲਾਲ ਕਟਾਰੀਆ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰਿਆਣਾ ਦੇ ਵਿੱਚ ਸਕੂਲ ਪੱਧਰ ’ਤੇ ਹੀ ਖਿਡਾਰੀਆਂ ਨੂੰ ਤਿਆਰ ਕੀਤਾ ਜਾਂਦਾ ਹੈ ਅਤੇ ਅੱਜ ਸਰਕਾਰ ਨੇ ਖਿਡਾਰੀਆਂ ਨੂੰ ਮੂਲ ਸਹੂਲਤਾਂ ਦੇ ਕੇ ਖੇਡਾਂ ਦੇ ਖੇਤਰ ਵਿੱਚ ਹਰਿਆਣਾ ਨੂੰ ਪਹਿਲੇ ਸਥਾਨ ’ਤੇ ਪਹੁੰਚਾਇਆ ਹੈ।