ਪੱਤਰ ਪ੍ਰੇਰਕ
ਕੁਰਾਲੀ, 15 ਜੂਨ
ਕੌਮੀ ਪੱਧਰ ਦੇ ‘ਖੇਲੋ ਇੰਡੀਆ’ ਮੁਕਾਬਲਿਆਂ ਦੌਰਾਨ ਬਾਸਕਟਬਾਲ ਵਿੱਚ ਸੋਨ ਤਗਮਾ ਜਿੱਤਣ ਵਾਲੀ ਪੰਜਾਬ ਦੀ ਟੀਮ ਵਿੱਚ ਸ਼ਾਮਲ ਸਥਾਨਕ ਸ਼ਹਿਰ ਦੀਆਂ ਚਾਰ ਖਿਡਾਰਨਾਂ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਥਾਨਕ ਚਕਵਾਲ ਨੈਸ਼ਨਲ ਸਕੂਲ ਦੀਆਂ ਇਨ੍ਹਾਂ ਖਿਡਾਰਨਾਂ ਨੂੰ ਨਕਦ ਇਨਾਮ ਦੇ ਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਬਾਸਕਟਬਾਲ ਕੋਚ ਯਾਦਵਿੰਦਰ ਗੌੜ ਨੇ ਦੱਸਿਆ ਕਿ ਸ਼ਹਿਰ ਦੀ ਈਸ਼ਾ ਰਾਣੀ, ਰੁਪਾਲੀ, ਸ਼ਮ੍ਹਾ ਪ੍ਰਵੀਨ ਅਤੇ ਨੰਦਨੀ ਨੇ ਖੋਲੋ ਇੰਡੀਆ ਯੂਥ ਗੇਮਜ਼ ਵਿੱਚ ਭਾਗ ਲੈਂਦਿਆਂ ਪੰਜਾਬ ਦੀ ਟੀਮ ਦੇ ਮੈਂਬਰਾਂ ਵਜੋਂ ਸੂਬੇ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਦੱਸਿਆ ਕਿ ਸੋਨ ਤਗਮਾ ਜਿੱਤਣ ਵਿੱਚ ਸ਼ਹਿਰ ਦੀਆਂ ਚਾਰੇ ਖਿਡਾਰਨਾਂ ਦਾ ਵਧੀਆ ਯੋਗਦਾਨ ਰਿਹਾ। ਯਾਦਵਿੰਦਰ ਗੌੜ ਨੇ ਦੱਸਿਆ ਇਹ ਚਾਰੇ ਖਿਡਾਰਨਾਂ ਸਾਧਾਰਨ ਪਰਿਵਾਰਾਂ ਨਾਲ ਸਬੰਧਤ ਹਨ। ਖਿਡਾਰਨਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਆਪਣੀ ਖੇਡ ਤੋਂ ਸੰਤੁਸ਼ਟ ਹਨ ਅਤੇ ਹੁਣ ਦੇਸ਼ ਲਈ ਕੌਮਾਂਤਰੀ ਖੇਡਾਂ ਵਿੱਚ ਮੈਡਲ ਜਿੱਤਣਾ ਚਾਹੁੰਦੀਆਂ ਹਨ।
ਅੰਕਿਤ ਨੇ ਖੇਲੋ ਇੰਡੀਆ ਵਿੱਚ ਸੋਨੇ ਦਾ ਤਗਮਾ ਜਿੱਤਿਆ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਦੇ 12ਵੀਂ ਜਮਾਤ ਦੇ ਵਿਦਿਆਰਥੀ ਅੰਕਿਤ ਨੇ ‘ਖੇਲੋ ਇੰਡੀਆ’ ਖੇਡਾਂ ਦੌਰਾਨ ਮੁੱਕੇਬਾਜ਼ੀ ਚੈਂਪੀਅਨਸ਼ਿਪ 51-54 ਕਿੱਲੋਗ੍ਰਾਮ ਭਾਰ ਵਰਗ ਵਿਚ ਫਾਈਨਲ ਰਾਊਂਡ ਵਿਚ ਸੋਨੇ ਦਾ ਤਗਮਾ ਜਿੱਤਿਆ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਸ ਨੂੰ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਡਾ. ਜ਼ੋਰਾ ਸਿੰਘ, ਸਕੱਤਰ ਤੇਜਿੰਦਰ ਕੌਰ ਅਤੇ ਪ੍ਰਿੰਸੀਪਲ ਨੇਹਾ ਢੱਲ ਨੇ ਅੰਕਿਤ ਦੀ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਹੋਰਾਂ ਵਿਦਿਆਰਥੀਆਂ ਨੂੰ ਵੀ ਉਸ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ।