ਸਰਬਜੀਤ ਸਿੰਘ ਭੱਟੀ
ਲਾਲੜੂ, 4 ਅਗਸਤ
ਹਲਕਾ ਡੇਰਾਬਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਦੀ ਪ੍ਰੇਰਨਾ ਸਦਕਾ ਸਿੱਖਿਆ ਵਿਕਾਸ ਕਮੇਟੀ ਜਲਾਲਪੁਰ ਵੱਲੋਂ ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਕੰਪਲੈਕਸ ਅਤੇ ਸ਼ਮਸ਼ਾਨਘਾਟ ਵਿੱਚ 200 ਦੇ ਕਰੀਬ ਬੂਟੇ ਲਾਏ ਗਏ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵਾਤਾਵਰਨ ਸ਼ੁੱਧ ਰੱਖਣਾ ਬਹੁਤ ਵੱਡੀ ਚੁਣੌਤੀ ਹੈ। ਇਸ ਮੌਕੇ ਕਮੇਟੀ ਦੇ ਚੈਅਰਮੇਨ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਕਮੇਟੀ ਦੀ ਦੇਖਰੇਖ ਵਿੱਚ ਸਕੂਲ ਕੰਪਲੈਕਸ ਅਤੇ ਆਸ ਪਾਸ 80 ਬੂਟੇ ਅਤੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ 100 ਅਤੇ ਹੋਰ ਧਾਰਮਿਕ ਸਥਾਨਾਂ ’ਚ 20 ਬੂਟੇ ਲਾਏ ਗਏ ਹਨ। ਇਸ ਮੌਕੇ ਯੁਗਵਿੰਦਰ ਸਿੰਘ ਰਾਣਾ, ਸੰਦੀਪ ਰਾਣਾ, ਤਰਸੇਮ, ਗੁਰਵਿੰਦਰ ਸਿੰਘ ਅਤੇ ਜਸਵੰਤ ਸਿੰਘ ਸਮੇਤ ਕਮੇਟੀ ਮੈਂਬਰ ਮੌਜੂਦ ਸਨ।
ਧਰਮਗੜ੍ਹ ’ਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ
ਇਥੋਂ ਨਜ਼ਦੀਕੀ ਪਿੰਡ ਧਰਮਗੜ੍ਹ ਵਿੱਚ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਬੂਟੇ ਲਾਏ ਗਏ। ਇਸ ਮੌਕੇ ਪਿੰਡ ਦੀ ਸਰਪੰਚ ਪਰਮਜੀਤ ਕੌਰ, ਉਸ ਦੇ ਪਤੀ ਸਾਬਕਾ ਸਰਪੰਚ ਰਣਜੀਤ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ। ਸਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਵਾਸੀਆਂ ਤੇ ਗਰਾਮ ਪੰਚਾਇਤ ਦੇ ਸਾਂਝੇ ਯਤਨਾਂ ਨਾਲ ਪਿੰਡ ਦੀਆਂ ਹੋਰ ਸਾਂਝੀਆਂ ਥਾਵਾਂ ਵਿੱਚ ਵੀ ਬੂਟੇ ਲਾਏ ਜਾਣਗੇ।