ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 30 ਦਸੰਬਰ
ਪੰਜਾਬ ਦੇ ਇੰਜੀਨੀਅਰਾਂ ਦੀ ਸਾਂਝੀ ਸੰਘਰਸ਼ ਕਮੇਟੀ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਅੱਜ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ। ਇਸ ਵਿੱਚ ਪੰਜਾਬ ਭਰ ’ਚੋਂ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਜੂਨੀਅਰ ਇੰਜਨੀਅਰਾਂ/ਸਹਾਇਕ ਇੰਜਨੀਅਰਾਂ ਅਤੇ ਉਪ ਮੰਡਲ ਇੰਜਨੀਅਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ। ਪੰਜਾਬੀ ਵੈੱਲਫੇਅਰ ਇੰਜਨੀਅਰਜ਼ ਸੁਸਾਇਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਵੱਡੇ ਭਰਾ ਮਨਮੋਹਨ ਸਿੰਘ ਵੀ ਇਸ ਰੈਲੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰਾਂ ਸੁਖਮਿੰਦਰ ਸਿੰਘ ਲਵਲੀ ਅਤੇ ਮਨਜਿੰਦਰ ਸਿੰਘ ਮੱਤੇਨੰਗਲ ਨੇ ਕਿਹਾ ਕਿ ਬੀਤੀ ਦੋ ਦਸੰਬਰ ਤੋਂ ਪੰਜਾਬ ਦੇ ਇੰਜਨੀਅਰ ਲਗਾਤਾਰ ਭੁੱਖ-ਹੜਤਾਲ ’ਤੇ ਬੈਠੇ ਹਨ, ਪਰ ਸਰਕਾਰ ਉਨ੍ਹਾਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ 1 ਜਨਵਰੀ 2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਨਵਾਂ ਪੱਤਰ ਜਾਰੀ ਕਰਕੇ ਬਕਾਇਆ ਨਾ ਦੇਣ ਦਾ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਗਿਆ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਨਾ ਦੇਣਾ ਅਤੇ ਪੇਂਡੂ ਭੱਤਾ ਕੱਟਣ ਦੇ ਹੁਕਮ ਜਾਰੀ ਕਰਨ ਤੋਂ ਮੁਲਾਜ਼ਮ ਵਰਗ ਬਹੁਤ ਦੁਖੀ ਹੈ।
ਸੂਬਾ ਆਗੂਆਂ ਦਿਲਪ੍ਰੀਤ ਸਿੰਘ ਲੋਹਟ, ਦਵਿੰਦਰ ਸਿੰਘ ਸੇਖੋਂ ਆਦਿ ਨੇ ਕਿਹਾ ਕਿ ਇੰਜਨੀਅਰਾਂ ਵੱਲੋਂ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਵੀ ਅਗਲੀ ਕਾਰਵਾਈ ਨਹੀਂ ਹੋਈ। ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਮਸਲਿਆਂ ਸਥਾਈ ਹੱਲ ਨਾ ਕੀਤਾ ਗਿਆ ਤਾਂ ਇੰਜੀਨੀਅਰਾਂ ਵੱਲੋਂ ਪੰਜਾਬ ਭਰ ਵਿੱਚ ਰੋਸ ਧਰਨੇ ਦਿੱਤੇ ਜਾਣਗੇ। ਐਸਡੀਐਮ ਨੂੰ ਮੰਗ ਪੱਤਰ ਦੇਣ ਮਗਰੋਂ ਇੰਜੀਨੀਅਰਾਂ ਨੇ ਰੈਲੀ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ।