ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 14 ਜਨਵਰੀ
ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-3 ਪਾਈਪ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ 15 ਜਨਵਰੀ ਅਤੇ 16 ਜਨਵਰੀ ਨੂੰ ਮੁਹਾਲੀ ਦੇ ਰਿਹਾਇਸ਼ੀ ਅਤੇ ਸਨਅਤੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਅੱਜ ਇੱਥੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਹਾਲੀ ਮੰਡਲ ਨੰਬਰ-2 ਦੇ ਐਕਸੀਅਨ ਅਨਿਲ ਕੁਮਾਰ ਨੇ ਦੱਸਿਆ ਕਿ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-3 ਪਾਈਪਲਾਈਨ ਵਿੱਚ ਅਚਾਨਕ ਫਿਰ ਤੋਂ ਪਿੰਡ ਮਾਨਖੇੜੀ ਨੇੜੇ ਲੀਕੇਜ਼ ਸ਼ੁਰੂ ਹੋ ਗਈ ਹੈ ਜਿਸ ਕਾਰਨ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਪਾਣੀ ਦੀ ਬੰਦੀ ਲਈ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਹਾਲੀ ਸ਼ਹਿਰ ਵਿੱਚ ਫੇਜ਼-1 ਤੋਂ ਫੇਜ਼-7, ਫੇਜ਼-8, ਫੇਜ਼-9, ਫੇਜ਼-10 ਅਤੇ ਫੇਜ਼-11 ਅਤੇ ਸੈਕਟਰ-70 ਤੇ ਸੈਕਟਰ-71 ਸਮੇਤ ਇੰਡਸਟਰੀ ਏਰੀਆ ਫੇਜ਼-1 ਤੋਂ ਫੇਜ਼-5 ਅਤੇ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਸ਼ਾਹੀਮਾਜਰਾ ਇਲਾਕੇ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਐਕਸੀਅਨ ਨੇ ਦੱਸਿਆ ਕਿ ਭਲਕੇ ਉਕਤ ਇਲਾਕਿਆਂ ਵਿੱਚ ਦੁਪਹਿਰ ਵੇਲੇ ਬਿਲਕੁਲ ਵੀ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਜਦੋਂਕਿ ਸ਼ਾਮ ਨੂੰ ਪਾਣੀ ਦੀ ਉਪਲਬਧਤਾ ਮੁਤਾਬਕ ਘੱਟ ਪ੍ਰੈੱਸ਼ਰ ਨਾਲ ਸਪਲਾਈ ਦਿੱਤੀ ਜਾਵੇਗੀ। ਇੰਜ ਹੀ 16 ਜਨਵਰੀ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ।