ਮੁਕੇਸ਼ ਕੁਮਾਰ
ਚੰਡੀਗੜ੍ਹ, 19 ਅਪਰੈਲ
ਸੋਹਣੇ ਸ਼ਹਿਰ ਚੰਡੀਗੜ੍ਹ ਵਿੱਚ ਪਤਝੜ ਕਰ ਕੇ ਡਿੱਗੇ ਦਰੱਖਤਾਂ ਦੇ ਪੱਤੇ ਸ਼ਹਿਰ ਵਾਸੀਆਂ ਤੇ ਸਬੰਧਤ ਵਿਭਾਗਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਨਗਰ ਨਿਗਮ ਵੱਲੋਂ ਸੁੱਕੇ ਪੱਤਿਆਂ ਦੇ ਠੋਸ ਪ੍ਰਬੰਧ ਨਾ ਹੋਣ ਕਰ ਕੇ ਸ਼ਹਿਰ ਦੇ ਪਾਰਕ, ਪਾਰਕਿੰਗਾਂ ਅਤੇ ਸੜਕਾਂ ਕੰਢੇ ਸੁੱਕੇ ਪੱਤਿਆਂ ਦੇ ਢੇਰ ਲੱਗੇ ਹੋਏ ਹਨ।
ਇਸ ਪਾਸੇ ਜਿੱਥੇ ਇਹ ਸੁੱਕੇ ਪੱਤੇ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗਰਮੀ ਵਿੱਚ ਇਨ੍ਹਾਂ ਸੁੱਕੇ ਪੱਤਿਆਂ ਨੂੰ ਅੱਗ ਲੱਗਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਨਗਰ ਨਿਗਮ ਕੋਲ ਸ਼ਹਿਰ ਵਿੱਚ ਥਾਂ-ਥਾਂ ਡਿੱਗੇ ਸੁੱਕੇ ਪੱਤਿਆਂ ਦੇ ਨਿਪਟਾਰੇ ਲਈ ਕੋਈ ਖਾਸ ਇੰਤਜ਼ਾਮ ਨਾ ਹੋਣ ਕਰ ਕੇ ਸ਼ਹਿਰ ਦੇ ਪਾਰਕਾਂ, ਸੜਕਾਂ ਕੰਢੇ ਅਤੇ ਪਾਰਕਿੰਗਾਂ ਸਮੇਤ ਹੋਰ ਜਨਤਕ ਥਾਵਾਂ ’ਤੇ ਦਰੱਖਤਾਂ ਤੋਂ ਝੜੇ ਪੱਤਿਆਂ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਪੱਤਿਆਂ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਹੂੰਝ ਕੇ ਇੱਕ ਪਾਸੇ ਢੇਰ ਲਗਾ ਦਿੱਤਾ ਜਾਂਦਾ ਹੈ।
ਬਾਗਬਾਨੀ ਵਿਭਾਗ ਵੱਲੋਂ ਪਾਰਕਾਂ ਵਿੱਚ ਦਰੱਖਤਾਂ ਦੇ ਸੁੱਕੇ ਪੱਤਿਆਂ ਦੇ ਇੱਕ ਪਾਸੇ ਢੇਰ ਲਗਾ ਦਿੱਤੇ ਜਾਂਦੇ ਹਨ ਅਤੇ ਥਾਂ-ਥਾਂ ਪੱਤਿਆਂ ਦੇ ਢੇਰ ਲੱਗੇ ਹੋਣ ਕਾਰਨ ਪਾਰਕਾਂ ਵਿੱਚ ਸੈਰ ਕਰਨ ਆਉਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਤਰ੍ਹਾਂ ਸੜਕਾਂ ਅਤੇ ਪਾਰਕਿੰਗਾਂ ਵਿੱਚ ਸੁੱਕੇ ਪੱਤਿਆਂ ਨੂੰ ਸਫਾਈ ਕਰਮਚਾਰੀਆਂ ਵੱਲੋਂ ਹੂੰਝ ਕੇ ਢੇਰੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਸੁੱਕੇ ਪੱਤਿਆਂ ਦੇ ਨਿਪਟਾਰੇ ਲਈ ਕੋਈ ਠੋਸ ਪ੍ਰਬੰਧ ਨਾ ਹੋਣ ਕਰ ਕੇ ਨਿਗਮ ਵੱਲੋਂ ਫਿਲਹਾਲ ਇਨ੍ਹਾਂ ਸੁੱਕੇ ਪੱਤਿਆਂ ਨੂੰ ਸਮਰੱਥਾ ਅਨੁਸਾਰ ਟਰਾਲੀਆਂ ਵਿੱਚ ਭਰ ਕੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਵਿੱਚ ਸੁੱਟਿਆ ਜਾ ਰਿਹਾ ਹੈ। ਕਈ ਥਾਵਾਂ ਤੋਂ ਸੁੱਕੇ ਪੱਤਿਆਂ ਨੂੰ ਅੱਗ ਲਗਾਏ ਜਾਣ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਇਸ ਸਮੱਸਿਆ ਤੋਂ ਸ਼ਹਿਰ ਦੇ ਵੀਵੀਆਈਪੀ ਸੈਕਟਰ ਵੀ ਨਹੀਂ ਬਚੇ ਹਨ। ਵੀਵੀਆਈਪੀ ਸੈਕਟਰਾਂ ਦੇ ਪਾਰਕਾਂ ਅਤੇ ਸੜਕਾਂ ਤੋਂ ਇਲਾਵਾ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਸੈਕਟਰ 17 ਦੀਆਂ ਪਾਰਕਿੰਗਾਂ ਵਿੱਚ ਵੀ ਸੁੱਕੇ ਪੱਤਿਆਂ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ ਜੋ ਕਿ ਸ਼ਹਿਰ ਤੇ ਇਸ ਸੈਕਟਰ ਦੀ ਖੂਬਸੂਰਤੀ ਨੂੰ ਫਿੱਕਾ ਪਾਉਂਦੇ ਜਾਪਦੇ ਹਨ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਕੋਲ ਕੂੜਾ ਚੁੱਕਣ ਲਈ ਸਿਰਫ਼ ਦਸ ਟਰਾਲੀਆਂ ਹਨ। ਇਨ੍ਹਾਂ ਟਰਾਲੀਆਂ ਰਾਹੀਂ ਸ਼ਹਿਰ ਭਰ ਵਿੱਚੋਂ ਸੁੱਕੇ ਪੱਤਿਆਂ ਨੂੰ ਇਕੱਠਾ ਕਰ ਕੇ ਡੰਪਿੰਗ ਗਰਾਊਂਡ ਵਿੱਚ ਸੁੱਟਿਆ ਜਾ ਰਿਹਾ ਹੈ।
ਕੀ ਕਹਿੰਦੇ ਨੇ ਅਧਿਕਾਰੀ
ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਸੁਪਰਟੈਂਡਿੰਗ ਇੰਜਨੀਅਰ ਕਿਸ਼ਨ ਪਾਲ ਸਿੰਘ ਨੇ ਕਿਹਾ ਕਿ ਸੜਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਪਏ ਪੱਤਿਆਂ ਦੀ ਸਫਾਈ ਦਾ ਜ਼ਿੰਮਾ ਨਗਰ ਨਿਗਮ ਦੇ ਮੈਡੀਕਲ ਆਫ਼ਿਸਰ ਸਿਹਤ ਵਿੰਗ ਦਾ ਹੈ। ਬਾਗਬਾਨੀ ਵਿਭਾਗ ਅਧੀਨ ਆਉਂਦੇ ਪਾਰਕਾਂ ਅਤੇ ਹੋਰ ਥਾਵਾਂ ਵਿੱਚੋਂ ਸੁੱਕੇ ਪੱਤਿਆਂ ਨੂੰ ਉਠਾਇਆ ਜਾ ਰਿਹਾ ਹੈ।