ਮੁਕੇਸ਼ ਕੁਮਾਰ
ਚੰਡੀਗੜ੍ਹ, 27 ਜੂਨ
ਚੰਡੀਗੜ੍ਹ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਨੇ ਅੱਜ ਇਥੇ ਸੈਕਟਰ 38 ਅਤੇ ਸੈਕਟਰ-48 ਦੀਆਂ ਮੋਟਰ ਮਾਰਕੀਟਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਨਾਜਾਇਜ਼ ਤੌਰ ’ਤੇ ਥਾਂ ਥਾਂ ਊੱਤੇ ਖੜ੍ਹੀਆਂ ਗੱਡੀਆਂ ਨੂੰ ਜ਼ਬਤ ਕਰ ਲਿਆ। ਇਹ ਮੁਹਿੰਮ ਇੰਸਪੈਕਟਰ ਡੀਪੀ ਸਿੰਘ ਦੀ ਅਗਵਾਈ ਹੇਠ ਚਲਾਈ ਗਈ। ਵੇਰਵਿਆਂ ਅਨੁਸਾਰ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਸੈਕਟਰ-38 ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕਰਕੇ ਚਲਾਨ ਕੱਟੇ ਅਤੇ ਸੈਕਟਰ-48 ਦੀ ਮੋਟਰ ਮਾਰਕੀਟ ਵਿੱਚ ਦੁਕਾਨਦਾਰਾਂ ਅਤੇ ਮਕੈਨਿਕਾਂ ਵਲੋਂ ਮਾਰਕੀਟ ਦੀਆਂ ਦੁਕਾਨਾਂ ਦੇ ਵਰਾਂਡਿਆਂ ਵਿੱਚ ਕੀਤੇ ਕਬਜ਼ਿਆਂ ਨੂੰ ਹਟਾਇਆ।
ਨਿਗਮ ਦੇ ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਡੀਪੀ ਸਿੰਘ ਨੇ ਦੱਸਿਆ ਕਿ ਨਿਗਮ ਦੀ ਟੀਮ ਨੇ ਇਥੇ ਸੈਕਟਰ 38 ਦੀ ਮੋਟਰ ਮਾਰਕੀਟ ਵਿੱਚ ਨਜ਼ਾਇਜ਼ ਤੌਰ ’ਤੇ ਪਾਰਕ ਕੀਤੇ ਕੰਡਮ ਵਾਹਨਾਂ ਨੂੰ ਵੀ ਜ਼ਬਤ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੈਕਟਰ-48 ਦੀ ਮੋਟਰ ਮਾਰਕੀਟ ਵਿੱਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਵਰਾਂਡਿਆਂ ਵਿੱਚ ਕੀਤੇ ਕੀਤੇ ਕਬਜ਼ੇ ਖਾਲੀ ਕਰਵਾਏ ਗਏ ਅਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਭਵਿੱਖ ਵਿੱਚ ਵੀ ਵਰਾਂਡਿਆਂ ਵਿੱਚ ਸਾਮਾਨ ਨਾ ਰੱਖਿਆ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਦੌਰਾਨ ਕੁੱਲ 42 ਡਿਫਾਲਟਰਾਂ ਦੇ ਚਲਾਨ ਕੱਟੇ ਗਏ।
ਦੁਕਾਨਦਾਰਾਂ ਨੇ ਮੁੜ ਕਬਜ਼ੇ ਕੀਤੇ
ਨਗਰ ਨਿਗਮ ਦੀ ਟੀਮ ਦੇ ਜਾਣ ਤੋਂ ਬਾਅਦ ਮਾਰਕੀਟ ਦੇ ਦੁਕਾਨਦਾਰਾਂ ਨੇ ਮੁੜ ਤੋਂ ਆਪਣੀਆਂ ਦੁਕਾਨਾਂ ਦੇ ਵਰਾਂਡਿਆਂ ਵਿੱਚ ਨਾਜਾਇਜ਼ ਕਬਜ਼ੇ ਕਰ ਲਏ। ਨਿਗਮ ਦੇ ਇੰਸਪੈਕਟਰ ਡੀਪੀ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਨਾਜ਼ਾਇਜ ਕਬਜ਼ਿਆਂ ਨੂੰ ਲੈਕੇ ਨਗਰ ਨਿਗਮ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਡਿਫਾਲਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।