ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 29 ਅਗਸਤ
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਹਫ਼ਤੇ ਵਿੱਚ ਦੋ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਸਖ਼ਤੀ ਨਾਲ ਲੌਕਡਾਊਨ ਲਾਗੂ ਦੇ ਹੁਕਮਾਂ ਜਾਰੀ ਕੀਤੇ ਗਏ ਹਨ ਪਰ ਮੁਹਾਲੀ ਦੇ ਕੁਝ ਦੁਕਾਨਦਾਰ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹਨ। ਇੱਥੋਂ ਦੇ ਫੇਜ਼-7 ਸਥਿਤ ਫੈਸ਼ਨ ਮਾਰਕੀਟ ਦੇ ਦੁਕਾਨਦਾਰਾਂ ਨੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਅੱਜ ਆਪਣੀਆਂ ਦੁਕਾਨਾਂ ਖੋਲ੍ਹ ਕੇ ਰੱਖੀਆਂ। ਇਸੇ ਦੌਰਾਨ ਦੁਕਾਨਾਂ ਖੁੱਲ੍ਹੀਆਂ ਦੇਖ ਕੇ ਉਥੇ ਪੁਲੀਸ ਕਰਮਚਾਰੀ ਪਹੁੰਚ ਗਏ ਅਤੇ ਮਾਰਕੀਟ ਬੰਦ ਕਰਵਾਉਣ ਦਾ ਯਤਨ ਕੀਤਾ ਪਰ ਦੁਕਾਨਦਾਰਾਂ ਦੇ ਤਿੱਖੇ ਵਿਰੋਧ ਕਾਰਨ ਪੁਲੀਸ ਟੀਮ ਨੂੰ ਉੱਥੋਂ ਵਾਪਸ ਬੇਰੰਗ ਮੁੜਨਾ ਪਿਆ।
ਇਸ ਮੌਕੇ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਕਰੋਨਾ ਸੰਕਟ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ ਅਤੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਲਈ ਦੁਕਾਨਾਂ ਖੋਲ੍ਹਣੀਆਂ ਉਨ੍ਹਾਂ ਦਾ ਹੱਕ ਹੈ ਕਿਉਂਕਿ ਜ਼ਿਆਦਾਤਰ ਦੁਕਾਨਦਾਰਾਂ ਨੇ ਦੁਕਾਨਾਂ ਕਿਰਾਏ ’ਤੇ ਲਈਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਸ਼ੋਅਰੂਮਾਂ ਦਾ ਕਿਰਾਇਆ ਅਤੇ ਹੋਰ ਖਰਚੇ ਕੱਢਣੇ ਮੁਸ਼ਕਲ ਹੋ ਗਏ ਹਨ ਜਦੋਂਕਿ ਸਰਕਾਰ ਦੀ ਦੁਕਾਨਾਂ ਬੰਦ ਕਰਵਾਉਣ ਦੀ ਕਾਰਵਾਈ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਕਾਰੋਬਾਰ ਕਰਨ ਤੋਂ ਨਹੀਂ ਰੋਕ ਸਕਦਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਦੁਕਾਨਦਾਰਾਂ ਨੂੰ ਸੜਕਾਂ ’ਤੇ ਆ ਕੇ ਧਰਨੇ ਦੇਣ ਲਈ ਮਜਬੂਰ ਨਾ ਕਰੇ।
ਆਰ-ਪਾਰ ਦੀ ਲੜਾਈ ਦੇ ਰੌਂਅ ’ਚ ਦੁਕਾਨਦਾਰ
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ ਅਤੇ ਹੁਣ ਪਾਣੀ ਸਿਰ ਤੋਂ ਉੱਪਰ ਵਗਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਦੁਕਾਨਦਾਰ ਰਾਜ ਸਰਕਾਰ ਦੇ ਹੁਕਮਾਂ ਖ਼ਿਲਾਫ਼ ਜਾਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਦਾ ਸਬਰ ਹੁਣ ਖ਼ਤਮ ਹੋ ਗਿਆ ਹੈ ਅਤੇ ਵਪਾਰੀ ਲੋਕ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਰਕਾਰ ਨਾਲ ਆਰਪਾਰ ਦੀ ਲੜਾਈ ਲਈ ਤਿਆਰ ਹਨ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤ ਲਈ ਹੁਕਮਰਾਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ।