ਨਿਜੀ ਪੱਤਰ ਪ੍ਰੇਰਕ
ਜ਼ੀਰਕਪੁਰ, 10 ਸਤੰਬਰ
ਇਥੇ 108 ਐਂਬੂਲੈਂਸ ਵਿੱਚ ਤਾਇਨਾਤ ਇਕ 30 ਸਾਲਾ ਫਾਰਮਾਸਿਸਟ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਲੰਘੀ ਰਾਤ ਐਂਬੂਲੈਂਸ ਵਿੱਚ ਇਕ ਮਰੀਜ਼ ਨੂੰ ਲੈਣ ਗਿਆ ਸੀ ਜਿਸ ਦੌਰਾਨ ਚਾਲਕ ਦੀ ਅੱਖ ਲੱਗ ਗਈ। ਐਂਬੂਲੈਂਸ ਦਾ ਸੰਤੁਲਨ ਵਿਗੜ ਗਿਆ ਤੇ ਉਸਦੀ ਟੱਕਰ ਇਕ ਖੜ੍ਹੇ ਟਰੱਕ ਨਾਲ ਹੋ ਗਈ। ਹਾਦਸੇ ’ਚ ਐਂਬੂਲੈਂਸ ’ਚ ਤਾਇਨਾਤ ਫਾਰਮਾਸਿਸਟ ਲਵਦੀਪ ਸਿੰਘ ਦੀ ਮੌਤ ਹੋ ਗਈ। ਉਹ ਪਿੰਡ ਭਾਂਖਰਪੁਰ ਵਿੱਚ ਆਪਣੀ ਪਤਨੀ ਤੇ ਇਕ ਲੜਕੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਲਵਦੀਪ ਦੀ ਮੌਤ ਮਗਰੋਂ 108 ਐਂਬੂਲੈਂਸ ਦੇ ਸਟਾਫ਼ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਐਨੀ ਘੱਟ ਤਨਖ਼ਾਹ ਮਿਲਦੀ ਹੈ ਜਿਸ ਕਾਰਨ ਉਹ ਓਵਰਟਾਈਮ ਕੰਮ ਕਰਦੇ ਹਨ ਤੇ ਨੀਂਦ ਪੂਰੀ ਨਾ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। 108 ਐਂਬੂਲੈਂਸ ਫਾਰਮਾਸਿਸਟ ਯੂਨੀਅਨ ਦੇ ਅਹੁਦੇਦਾਰ ਗੁਰਜੰਟ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ 108 ਐਂਬੂਲੈਂਸ ਇਕ ਮਰੀਜ਼ ਨੂੰ ਲੈਣ ਲਈ ਆਗਾਂਪੁਰ ਪਿੰਡ ਗਈ ਸੀ। ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ ਆਪਣੇ ਨਿੱਜੀ ਵਾਹਨ ’ਚ ਹਸਪਤਾਲ ਚਲਾ ਗਿਆ। ਇਸ ਦੌਰਾਨ ਐਂਬੂਲੈਂਸ ਵਾਪਸ ਆ ਰਹੀ ਸੀ ਜਿਸ ’ਚ ਇਕ ਚਾਲਕ ਤੇ ਲਵਦੀਪ ਸਿੰਘ ਫਾਰਮਾਸਿਸਟ ਤਾਇਨਾਤ ਸੀ।