ਨਵੀਂ ਦਿੱਲੀ, 15 ਜੁਲਾਈ
ਮੁੱਖ ਅੰਸ਼
- ਗੁਰੂ ਨਾਨਕ ਦੇਵ ’ਵਰਸਿਟੀ ਨੂੰ ਕੌਮੀ ਪੱਧਰ ’ਤੇ 44ਵਾਂ ਸਥਾਨ
ਦੇਸ਼ ਦੀਆਂ ਸਰਬੋਤਮ ਸੰਸਥਾਵਾਂ ਦੀ ਸ਼੍ਰੇਣੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਮਦਰਾਸ ਨੇ ਲਗਾਤਾਰ ਚੌਥੀ ਵਾਰ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਯੂਨੀਵਰਿਸਟੀ ਅਤੇ ਖੋਜ ਇੰਸਟੀਚਿਊਟ ਸ਼੍ਰੇਣੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਸਇੰਸ (ਆਈਆਈਐੱਸਈ) ਬੰਗਲੂਰੂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅੱਜ ਐਲਾਨੀ ਗਈ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਦਰਜਾਬੰਦੀ ਰਾਹੀਂ ਮਿਲੀ ਹੈ। ਸਰਬੋਤਮ ਇੰਸਟੀਚਿਊਟਸ ਦੀ ਸ਼੍ਰੇਣੀ ਵਿੱਚ ਆਈਆਈਟੀ ਮਦਰਾਸ, ਬੰਬੇ, ਦਿੱਲੀ, ਕਾਨਪੁਰ ਅਤੇ ਖੜਗਪੁਰ ਸਮੇਤ ਸੱਤ ਆਈਆਈਟੀਜ਼ ਸ਼ਾਮਲ ਹਨ। ਯੂਨੀਵਰਸਿਟੀ ਸ਼੍ਰੇਣੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਆਈਆਈਐੱਮਐੱਸ) ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨੇ ਕ੍ਰਮਵਾਰ ਨੌਵਾਂ ਅਤੇ ਦਸਵਾਂ ਸਥਾਨ ਹਾਸਲ ਕੀਤਾ ਹੈ। ਇਸ ਸ਼੍ਰੇਣੀ ਵਿੱਚ ਆਈਆਈਐੱਸ ਬੰਗਲੂਰੂ ਨੇ ਪਹਿਲਾ, ਜੇਐੱਨਯੂ ਨੇ ਦੂਜਾ ਤੇ ਜਾਮੀਆ ਮਿਲੀਆ ਇਸਲਾਮੀਆ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪਿਛਲੀ ਵਾਰ ਤੀਜੇ ਸਥਾਨ ’ਤੇ ਆਈ ਬੀਐੱਚਯੂ ਇਸ ਵਾਰ ਖਿਸਕ ਕੇ ਛੇਵੇਂ ਸਥਾਨ ’ਤੇ ਆ ਗਈ ਹੈ।
ਇੰਜਨੀਅਰਿੰਗ ਇੰਸਟੀਚਿਊਸ਼ਨਜ਼ ਵਿੱਚ ਮਦਰਾਸ, ਦਿੱਲੀ, ਬੰਬੇ, ਕਾਨਪੁਰ, ਖੜਗਪੁਰ, ਰੁੜਕੀ, ਗੁਹਾਟੀ ਅਤੇ ਹੈਦਰਾਬਾਦ ਅੱਠ ਆਈਆਈਟੀਜ਼ ਨੇ ਸਿਖਰਲੇ 10 ਸੰਸਥਾਨਾਂ ’ਚ ਜਗ੍ਹਾ ਬਣਾਈ ਹੈ। ਫਾਰਮੇਸੀ ਸ਼੍ਰੇਣੀ ਵਿੱਚ ਦਿੱਲੀ ਦੀ ਜਾਮੀਆ ਹਮਦਰਦ ਨੇ ਪਹਿਲਾ, ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਹੈਦਰਾਬਾਦ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ ਤੋਂ ਖਿਸਕ ਕੇ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਮੈਡੀਕਲ ਕਾਲਜਾਂ ਦੀ ਸ਼੍ਰੇਣੀ ’ਚ ਏਆਈਆਈਐੱਮ ਦਿੱਲੀ, ਪੀਜੀਆਈਐੱਮਈਆਰ ਚੰਡੀਗੜ੍ਹ ਤੇ ਕ੍ਰਿਸਚੀਅਨ ਮੈਡੀਕਲ ਕਾਲਜ ਵੈਲੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ। ਕਾਲਜਾਂ ਦੀ ਸ਼੍ਰੇਣੀ ਵਿੱਚ ਮਿਰਾਂਡਾ ਹਾਊਸ ਨੇ ਪਹਿਲਾ, ਹਿੰਦੂ ਕਾਲਜ ਨੇ ਦੂਜਾ ਅਤੇ ਪ੍ਰੈਜ਼ੀਡੈਂਸੀ ਕਾਲਜ ਚੇਨੱਈ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਸਿਖਰਲੇ ਦਸ ਸਥਾਨਾਂ ਵਿੱਚ ਸ਼ਾਮਲ ਸੇਂਟ ਸਟੀਫਨਜ਼ ਅਤੇ ਐੱਸਆਰਸੀਸੀ ਨੂੰ ਦਰਜਾਬੰਦੀ ’ਚ ਜਗ੍ਹਾ ਨਹੀਂ ਮਿਲੀ। ਬੀ-ਸਕੂਲਜ਼ ਦੀ ਸ਼੍ਰੇਣੀ ’ਚ ਆਈਆਈਐੱਮ ਅਹਿਮਦਾਬਾਦ ਨੇ ਪਹਿਲਾ, ਬੰਗਲੂਰੂ ਨੇ ਦੂਜਾ ਅਤੇ ਕਲਕੱਤਾ ਨੇ ਤੀਜਾ ਸਥਾਨ ਹਾਸਲ ਕੀਤਾ। -ਪੀਟੀਆਈ