ਪੱਤਰ ਪ੍ਰੇਰਕ
ਚੰਡੀਗੜ੍ਹ, 9 ਮਾਰਚ
ਪੀਜੀਆਈ ਚੰਡੀਗੜ੍ਹ ਵੱਲੋਂ ਮਰੀਜ਼ਾਂ ਦੀਆਂ ਲੈਬ-ਰਿਪੋਰਟਾਂ ਮੁਹੱਈਆ ਕਰਵਾਉਣ ਲਈ ਮੋਬਾਈਲ-ਐੱਸ.ਐੱਮ.ਐੱਸ. ਸੇਵਾ ਸ਼ੁਰੂ ਕੀਤੀ ਗਈ ਹੈ। ਹੇਮਾਟੋਲੋਜੀ ਵਿਭਾਗ ਦੇ ਮੁਖੀ ਅਤੇ ਨਵੇਂ ਓ.ਪੀ.ਡੀ. ਸੈਂਪਲ ਕੁਲੈਕਸ਼ਨ ਸੈਂਟਰ ਦੇ ਇੰਚਾਰਜ ਪ੍ਰੋ. ਰੀਨਾ ਦਾਸ ਨੇ ਦੱਸਿਆ ਕਿ ਇਸ ਸਹੂਲਤ ਦੀ ਸ਼ੁਰੂਆਤ 24 ਫਰਵਰੀ ਨੂੰ ਰਾਜੇਸ਼ ਭੂਸ਼ਣ, ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਵੱਲੋਂ ਕੀਤੀ ਗਈ ਸੀ। ਇਸ ਪਹਿਲਕਦਮੀ ਤਹਿਤ ਮਰੀਜ਼ਾਂ ਦੀਆਂ ਲੈਬ ਰਿਪੋਰਟਾਂ ਤਿਆਰ ਹੋਣ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲਾਂ ਉੱਤੇ ਇੱਕ ਸੂਚਨਾ ਪ੍ਰਾਪਤ ਹੋਵੇਗੀ। ਐੱਸ.ਐੱਮ.ਐੱਸ. ਵਿੱਚ ਰਿਪੋਰਟ ਦੀ ਪੀ.ਡੀ.ਐੱਫ. ਫਾਈਲ ਨੂੰ ਡਾਊਨਲੋਡ ਕਰਨ ਲਈ ਲਿੰਕ ਵੀ ਹੋਵੇਗਾ ਜਿਸ ਨੂੰ ਡਾਊਨਲੋਡ ਕਰ ਕੇ ਮਰੀਜ਼ ਆਪਣੇ ਟੈਸਟਾਂ ਦੀ ਰਿਪੋਰਟ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਰੀਜ਼ਾਂ ਨੂੰ ਵਾਰ-ਵਾਰ ਆਪਣੀਆਂ ਰਿਪੋਰਟਾਂ ਦੀ ਸਥਿਤੀ ਨੂੰ ਆਨਲਾਈਨ ਜਾਂ ਹਸਪਤਾਲ ਦੀਆਂ ਵੱਖ-ਵੱਖ ਖਿੜਕੀਆਂ (ਵਿੰਡੋਜ਼) ’ਤੇ ਜਾ ਕੇ ਚੈੱਕ ਕਰਨਾ ਪੈਂਦਾ ਸੀ, ਨਾਲ ਹੀ ਪ੍ਰਿੰਟ ਲੈਣ ਲਈ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਪਰ ਹੁਣ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਘਰ ਬੈਠਿਆਂ ਹੀ ਮੋਬਾਈਲ ਉੱਤੇ ਐੱਸਐੱਮਐੱਸ ਰਾਹੀਂ ਰਿਪੋਰਟਾਂ ਭੇਜ ਦਿੱਤੀਆਂ ਜਾਣਗੀਆਂ ਅਤੇ ਜਿੱਥੇ ਵੀ ਉਨ੍ਹਾਂ ਨੂੰ ਸੁਵਿਧਾਜਨਕ ਲੱਗੇ, ਉਹ ਪ੍ਰਿੰਟ ਲੈ ਸਕਦੇ ਹਨ। ਇਸ ਉਪਰਾਲੇ ਨਾਲ ਹਸਪਤਾਲ ਦੇ ਖੇਤਰਾਂ ਵਿੱਚ ਭੀੜ-ਭੜੱਕਾ ਵੀ ਘੱਟ ਹੋਵੇਗਾ ਅਤੇ ਮਰੀਜ਼ਾਂ ਦੀ ਖੱਜਲ-ਖੁਆਰੀ ਵੀ ਘਟੇਗੀ।