ਪੱਤਰ ਪ੍ਰੇਰਕ
ਚੰਡੀਗੜ੍ਹ, 29 ਮਈ
ਪੀਜੀਆਈ ਚੰਡੀਗੜ੍ਹ ਦੀ ਮੌਰਚਰੀ ਦੇ ਬਾਹਰ ਇੱਕ ਬਾਹਰੀ ਵਿਅਕਤੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੀਪੀਈ ਕਿੱਟਾਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਮੂੰਹ ’ਤੇ ਮਾਸਕ ਲੱਗਿਆ ਇੱਕ ਵਿਅਕਤੀ ਦਿਖਾਈ ਦੇ ਰਿਹਾ ਹੈ ਜੋ ਪੀਜੀਆਈ ਦੀ ਮੌਰਚਰੀ ਦੇ ਬਾਹਰ ਘੁੰਮ ਰਿਹਾ ਹੈ। ਵੀਡੀਓ ਬਣਾਉਣ ਵਾਲਾ ਪਿੰਜੌਰ ਨਿਵਾਸੀ ਹਰਜੀਤ ਸਿੰਘ ਨਾਂ ਦਾ ਵਿਅਕਤੀ ਉਸ ’ਤੇ ਦੋਸ਼ ਲਗਾ ਰਿਹਾ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰ ਰਾਮ ਨਰਾਇਣ ਦੀ ਮੌਤ ਹੋਣ ਉਪਰੰਤ ਲਾਸ਼ ਲੈਣ ਲਈ ਪੀਜੀਆਈ ਦੀ ਮੌਰਚਰੀ ਵਿੱਚ ਪਹੁੰਚੇ ਜਿੱਥੇ ਕਿ ਉਨ੍ਹਾਂ ਨੂੰ ਪੀਪੀਈ ਕਿੱਟਾਂ ਦੀ ਜ਼ਰੂਰਤ ਮਹਿਸੂਸ ਹੋਈ। ਡਿਊਟੀ ’ਤੇ ਤਾਇਨਾਤ ਸਕਿਓਰਿਟੀ ਗਾਰਡ ਤੋਂ ਕਿੱਟਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਉਸ ਵਿਅਕਤੀ ਵੱਲ ਇਸ਼ਾਰਾ ਕੀਤਾ। ਜਦੋਂ ਉਸ ਵਿਅਕਤੀ ਕੋਲ ਜਾ ਕੇ ਪੁੱਛਿਆ ਤਾਂ ਉਸ ਨੇ ਇੱਕ ਹਜ਼ਾਰ ਰੁਪਏ ਵਿੱਚ ਇੱਕ ਕਿੱਟ ਦੇਣ ਦੀ ਗੱਲ ਕਹੀ। ਜਦੋਂ ਇਸ ਗੱਲ ਦਾ ਰੌਲ਼ਾ ਪੈ ਗਿਆ ਤਾਂ ਉਹ ਵਿਅਕਤੀ ਮੁਫ਼ਤ ਵਿੱਚ ਕਿੱਟ ਦੇਣ ਦੀ ਗੱਲ ਵੀ ਕਰਨ ਲੱਗਾ।
ਪੀਜੀਆਈ ਪ੍ਰਬੰਧਨ ਵੱਲੋਂ ਭੇਜੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਮੌਰਚਰੀ ਦੇ ਬਾਹਰ ਕਿੱਟਾਂ ਵੇਚਣ ਦੀ ਵੀਡੀਓ ਵਿਚਲੇ ਵਿਅਕਤੀ ਦਾ ਪੀਜੀਆਈ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀ ਦੱਸਿਆ ਗਿਆ ਕਿ ਪੀਜੀਆਈ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੀਪੀਈ ਕਿੱਟਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।