ਕੁਲਦੀਪ ਸਿੰਘ
ਚੰਡੀਗੜ੍ਹ, 15 ਅਪਰੈਲ
ਚੰਡੀਗੜ੍ਹ ਸਮੇਤ ਹੋਰ ਇਲਾਕਿਆਂ ਵਿੱਚ ਕੋਵਿਡ-ਦਾ ਯੂ.ਕੇ. ਸਟਰੇਨ ਫੈਲ ਚੁੱਕਿਆ ਹੈ। ਕੋਵਿਡ-19 ਦੀ ਤੇਜ਼ੀ ਨਾਲ ਫੈਲ ਰਹੀ ਦੂਸਰੀ ਲਹਿਰ ਦੇ ਲਈ ਯੂ.ਕੇ. ਸਟਰੇਨ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਹ ਜਾਣਕਾਰੀ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਅੱਜ ਇੱਥੇ ਜਾਰੀ ਪ੍ਰੈੱਸ ਨੋਟ ਰਾਹੀਂ ਦਿੱਤੀ।
ਉਨ੍ਹਾਂ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਦੇ ਵਾਇਰੋਲੋਜੀ ਵਿਭਾਗ ਵੱਲੋਂ ਮਾਰਚ-2021 ਮਹੀਨੇ ਵਿੱਚ ਕੋਵਿਡ-19 ਦੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ (ਐਨ.ਸੀ.ਡੀ.ਸੀ.) ਨੂੰ ਭੇਜੇ ਗਏ ਸੈਂਪਲਾਂ ਦੀਆਂ ਤਾਜ਼ਾ ਖੋਜਾਂ ਨੇ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਕਰ ਦਿੱਤੀ ਹੈ। ਇਨ੍ਹਾਂ ਸੈਂਪਲਾਂ ਵਿੱਚੋਂ 70 ਪ੍ਰਤੀਸ਼ਤ ਕੋਵਿਡ-19 ਦਾ ਯੂ.ਕੇ. ਸਟਰੇਨ ਸੀ ਅਤੇ 20 ਪ੍ਰਤੀਸ਼ਤ ਸੈਂਪਲਾਂ ਵਿੱਚ ਕੋਵਿਡ-19 ਦਾ 681-ਐਚ. ਪਰਿਵਰਤਨ ਸੀ ਜਦਕਿ ਇੱਕ ਸੈਂਪਲ ਵਿੱਚ ਦੋਵੇਂ ਰੂਪ ਪਾਏ ਗਏ। ਕੋਵਿਡ-19 ਦੇ 681-ਐਚ. ਪਰਿਵਰਤਨਸ਼ੀਲਤਾ ਨੂੰ 20 ਪ੍ਰਤੀਸ਼ਤ ਸੈਂਪਲਾਂ ਵਿੱਚ ਦੇਖਿਆ ਗਿਆ ਹੈ ਜਿਨ੍ਹਾਂ ਵਿੱਚੋਂ ਬਹੁਤੇ ਸੈਂਪਲ ਚੰਡੀਗੜ੍ਹ ਦੇ ਸਨ।
ਪ੍ਰੋ. ਜਗਤ ਰਾਮ ਨੇ ਆਮ ਜਨਤਾ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਮਾਸਕ ਪਹਿਨੇ, ਸਰੀਰਕ ਦੂਰੀ ਬਣਾ ਕੇ ਰੱਖੇ, ਹੱਥਾਂ ਦੀ ਵਾਰ-ਵਾਰ ਸਫ਼ਾਈ ਦਾ ਖਿਆਲ ਰੱਖੇ। ਆਮ ਜਨਤਾ ਨੂੰ ਟੀਕਾਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਪ੍ਰੋ. ਜਗਤ ਰਾਮ ਨੇ ਕਿਹਾ ਕਿ ਹਰ ਵਿਅਕਤੀ ਨੂੰ ਕੋਵਿਡ-19 ਤੋਂ ਬਚਾਅ ਦਾ ਟੀਕਾ ਲਗਵਾਉਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਤੋਂ ਬਚਾਅ ਕਰਨ ਅਤੇ ਬਿਮਾਰੀ ਦੀ ਤੀਬਰਤਾ ਨੂੰ ਘਟਾਉਣ ਵਿੱਚ ਸਹਾਇਤਾ ਮਿਲ ਸਕੇ ਅਤੇ ਬਿਮਾਰੀ ਦੀ ਟਰਾਂਸਮਿਸ਼ਨ ਚੇਨ ਤੋੜਨ ਵਿੱਚ ਸਹਾਇਤਾ ਮਿਲ ਸਕੇ।