ਪੱਤਰ ਪ੍ਰੇਰਕ
ਚੰਡੀਗੜ੍ਹ, 14 ਮਈ
ਆਧੁਨਿਕ ਨਰਸਿੰਗ ਪੇਸ਼ੇ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੀ ਜੈਅੰਤੀ ਮੌਕੇ ਮਨਾਏ ਜਾ ਰਹੇ ਕੌਮਾਂਤਰੀ ਨਰਸਿੰਗ ਹਫ਼ਤੇ ਸਬੰਧੀ ਪੀ.ਜੀ.ਆਈ. ਚੰਡੀਗੜ੍ਹ ਵਿੱਚ ਨਰਸਿੰਗ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਐਸੋਸੀਏਸ਼ਨ ਦੀ ਪ੍ਰਧਾਨ ਮੰਜਨਿਕ ਅਤੇ ਕਲਚਰਲ ਸਕੱਤਰ ਜੈਸਮਿਨ ਨੇ ਦੱਸਿਆ ਕਿ ਪੀ.ਜੀ.ਆਈ. ਨਰਸਿੰਗ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਵਜੋਂ ਤਹਿਤ ਰੰਗੋਲੀ ਮੁਕਾਬਲੇ, ਪੋਸਟਰ ਬਣਾਉਣ ਦੇ ਮੁਕਾਬਲੇ, ਕੈਲੀਗਰਾਫ਼ੀ, ਸਲੋਗਨ ਲਿਖਣ, ਕਵਿਤਾ ਲਿਖਣ ਅਤੇ ਫੋਟੋਗਰਾਫ਼ੀ ਮੁਕਾਬਲੇ ਕਰਵਾਏ ਗਏ। ਨਰਸ ਏਡ ਦੀ ਡਾਇਰੈਕਟਰ ਹੀਨਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਨਰਸਿੰਗ ਹਫ਼ਤੇ ਦੇ ਸਬੰਧ ਵਿੱਚ ਇਸ ਵਾਰ ਵੀ ਸੋਮਵਾਰ 16 ਮਈ ਨੂੰ ‘ਵਾਕਾਥਨ’ ਕਰਵਾਈ ਜਾ ਰਹੀ ਹੈ ਜੋ ਕਿ ਸਪੋਰਟਸ ਕੰਪਲੈਕਸ ਤੋਂ ਸ਼ੁਰੂ ਹੋ ਕੇ ਸੁਖਨਾ ਝੀਲ ਜਾ ਕੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਆਮ ਜਨਤਾ ਨੂੰ ਵੀ ਨਰਸਿੰਗ ਹਫ਼ਤਾ ਮਨਾਉਣ ਲਈ ਉਤਸ਼ਾਹਿਤ ਕਰਨਗੇ। ਨਰਸਿੰਗ ਹਫ਼ਤੇ ਦੇ ਪ੍ਰੋਗਰਾਮਾਂ ਦੀ ਲੜੀ ਵਜੋਂ ਸ਼ਨੀਵਾਰ ਦੀ ਦੇਰ ਸ਼ਾਮ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਗਾਇਕ ਜੱਸ ਬਾਜਵਾ ਵੱਲੋਂ ਗੀਤਾਂ ਦੀ ਛਹਬਿਰ ਲਾਈ ਗਈ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਦੇਸ਼ ਭਗਤ ਯੂਨੀਵਰਸਿਟੀ ਵਿੱਚ ਨਰਸਿੰਗ ਫੈਕਲਟੀ ਵੱਲੋਂ ਨਰਸ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਫੈਕਲਟੀ ਦੇ ਡਾਇਰੈਕਟਰ ਡਾ. ਪੀ. ਚਿਤਰਾ ਨੇ ਸੁਆਗਤੀ ਭਾਸ਼ਣ ਨਾਲ ਕੀਤੀ ਅਤੇ ਸ਼ਮ੍ਹਾ ਰੌਸ਼ਨ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ, ਹਰਮੀਤ ਕੌਰ ਮੈਟਰਨ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ, ਡਾ. ਰਾਜਵੰਤ ਕੌਰ ਰੰਧਾਵਾ ਕਮਿਊਨਿਟੀ ਹੈਲਥ ਨਰਸਿੰਗ ਵਿਭਾਗ, ਡਾ. ਵਿਕਟਰ ਐੱਸ. ਦੇਵਸਰਵਦਮ ਮੈਡੀਕਲ-ਸਰਜੀਕਲ ਨਰਸਿੰਗ ਵਿਭਾਗ, ਪ੍ਰੋ. ਲਲਿਤਾ ਤੇ ਪ੍ਰੋ. ਲਵਸਮਪੁਰਨਜੋਤ ਕੌਰ ਮਨੋਵਿਗਿਆਨਕ ਨਰਸਿੰਗ ਵਿਭਾਗ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਕੁਲਪਤੀ ਡਾ. ਜ਼ੋਰਾ ਸਿੰਘ ਨੇ ਨਰਸ ਦਿਵਸ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਨੋਬਲ ਪੇਸ਼ੇ ਲਈ ਉਤਸ਼ਾਹਿਤ ਕੀਤਾ।