ਕੁਲਦੀਪ ਸਿੰਘ
ਚੰਡੀਗੜ੍ਹ, 27 ਜੁਲਾਈ
ਦੁਨੀਆਂ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਮੰਕੀਪੌਕਸ ਬਿਮਾਰੀ ਨੇ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਸੇ ਦੌਰਾਨ ਪੀਜੀਆਈ ਚੰਡੀਗੜ੍ਹ ਨੇ ਇਸ ਬਿਮਾਰੀ ਦੇ ਪ੍ਰਬੰਧਨ ਲਈ ਤਿਆਰੀ ਕਰ ਲਈ ਹੈ। ਉੱਤਰ ਭਾਰਤ ਦੀ ਇਸ ਪ੍ਰੀਮੀਅਰ ਸਿਹਤ ਸੰਸਥਾ ਦੀ ਮੈਨੇਜਮੈਂਟ ਨੇ ਪੀਜੀਆਈ ਸਥਿਤ ਨਹਿਰੂ ਹਸਪਤਾਲ ਦੇ ਕਮਿਊਨਿਕੇਬਲ ਡਿਜ਼ੀਜ਼ ਵਾਰਡ ਵਿੱਚ ਕੁਝ ਬੈੱਡ ਅਤੇ ਨਹਿਰੂ ਹਸਪਤਾਲ ਐਕਸਟੈਂਸ਼ਨ ਵਿੱਚ ਆਈਸੀਯੂ ਬੈੱਡਾਂ ਦਾ ਪ੍ਰਬੰਧ ਕਰ ਦਿੱਤਾ ਹੈ।
ਪੀਜੀਆਈ ਦੀ ਮੈਨੇਜਮੈਂਟ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਸਿਹਤ ਮੰਤਰਾਲੇ ਦੀ ਸਲਾਹ ਮੁਤਾਬਕ ਮੰਕੀਪੌਕਸ ਬਿਮਾਰੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਮੰਕੀਪੌਕਸ ਮੁੱਖ ਤੌਰ ’ਤੇ ਚਮੜੀ ਸਬੰਧੀ ਲਾਗ ਦੀ ਬਿਮਾਰੀ ਹੈ ਅਤੇ ਪੀਜੀਆਈ ਸੰਸਥਾ ਦੇ ਅਧਿਕਾਰੀਆਂ ਨੇ ਚਮੜੀ ਵਿਗਿਆਨ ਵਿਭਾਗ ਨੂੰ ਵੀ ਜਾਂਚ ਅਤੇ ਪ੍ਰਬੰਧਨ ਲਈ ਅਗਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਟਰਾਈਸਿਟੀ ਜਾਂ ਹੋਰਨਾਂ ਥਾਵਾਂ ਦੇ ਕਿਸੇ ਵੀ ਮਰੀਜ਼ ਨੂੰ ਮੰਕੀਪੌਕਸ ਦੇ ਲੱਛਣਾਂ ਦਾ ਸ਼ੱਕ ਹੋਣ ’ਤੇ ਉਸ ਨੂੰ ਲੋੜੀਂਦੀ ਜਾਂਚ ਲਈ ਸੰਸਥਾ ਦੇ ਚਮੜੀ ਵਿਗਿਆਨ ਵਿੰਗ ਕੋਲ ਭੇਜਿਆ ਜਾਵੇਗਾ। ਇਸੇ ਤਰ੍ਹਾਂ ਵਾਇਰੋਲੋਜੀ ਵਿਭਾਗ ਨੂੰ ਸੈਂਪਲ ਪ੍ਰਾਸੈਸਿੰਗ ਅਤੇ ਨਮੂਨਿਆਂ ਦੀ ਰਿਪੋਰਟਿੰਗ ਲਈ ਤਿਆਰ ਕੀਤਾ ਗਿਆ ਹੈ। ਪੀਜੀਆਈ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਮੰਕੀਪੌਕਸ ਨੂੰ ਫੈਲਣ ਤੋਂ ਰੋਕਣ ਲਈ ਸ਼ੱਕੀ ਮਰੀਜ਼ਾਂ ਨੂੰ ਇਹਤਿਆਤ ਵਜੋਂ ਸਬੰਧਤ ਵਾਰਡ ਵਿੱਚ ਦਾਖਲ ਕਰ ਲਿਆ ਜਾਵੇਗਾ ਜਦੋਂ ਕਿ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ ਵਿੱਚ ਹੀ ਆਈਸੋਲੇਟ ਕਰਨ ਦੀ ਸਲਾਹ ਦਿੱਤੀ ਜਾਵੇਗੀ।
ਇਸੇ ਦੌਰਾਨ ਯੂਟੀ ਦੇ ਸਿਹਤ ਵਿਭਾਗ ਨੇ ਛੂਤ ਕਾਰਨ ਹੋਣ ਵਾਲੀ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਬਿਮਾਰੀ ਵਾਇਰਸ ਕਾਰਨ ਫੈਲਦੀ ਹੈ। ਅਕਸਰ ਗਰਮੀ ਦੇ ਮੌਸਮ ਵਿੱਚ ਇਹ ਬਿਮਾਰੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਧੇਰੇ ਹੋਣ ਦੀ ਸੰਭਾਵਨਾ ਹੁੰਦੀ ਹੈ ਹਾਲਾਂਕਿ ਵੱਡੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਹੱਥਾਂ, ਪੈਰਾਂ ਅਤੇ ਮੂੰਹ ਦੀ ਬਿਮਾਰੀ ਆਮ ਤੌਰ ’ਤੇ ਬੁਖਾਰ ਤੇ ਗਲੇ ਵਿੱਚ ਖਾਰਿਸ਼ ਹੋਣ ਨਾਲ ਸ਼ੁਰੂ ਹੁੰਦੀ ਹੈ।
ਵਿਦਿਆਰਥੀਆਂ ’ਚ ਹੈਂਡ, ਫੁੱਟ ਤੇ ਮਾਊਥ ਬਿਮਾਰੀ ਦੇ ਲੱਛਣ; ਕਲਾਸਾਂ ਆਨਲਾਈਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇਥੋਂ ਦੇ ਸੈਕਟਰ 26 ਸਥਿਤ ਸੇਂਟ ਕਬੀਰ ਪਬਲਿਕ ਸਕੂਲ ਅਤੇ ਸੈਕਟਰ 40 ਵਿੱਚ ਸਥਿਤ ਦਿੱਲੀ ਪਬਲਿਕ ਸਕੂਲ (ਡੀਪੀਐੱਸ) ਦੇ ਵਿਦਿਆਰਥੀਆਂ ਵਿੱਚ ਹੈਂਡ, ਫੁੱਟ ਅਤੇ ਮਾਊਥ ਬਿਮਾਰੀ ਦੇ ਲੱਛਣ ਪਾਏ ਗਏ ਹਨ। ਇਸ ਤੋਂ ਬਾਅਦ ਦੋਵਾਂ ਸਕੂਲਾਂ ਨੇ ਪ੍ਰੀ-ਨਰਸਰੀ, ਨਰਸਰੀ, ਪਹਿਲੀ ਅਤੇ ਦੂਜੀ ਜਮਾਤ ਦੀਆਂ ਕਲਾਸਾਂ ਆਨਲਾਈਨ ਕਰ ਦਿੱਤੀਆਂ ਹਨ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 28 ਤੇ 29 ਜੁਲਾਈ ਨੂੰ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਸਕੂਲ ਵਿੱਚ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨ ਆਨ-ਲਾਈਨ ਕਲਾਸਾਂ ਲਗਾਈ ਜਾਣਗੀਆਂ। ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੇ ਹੱਥ, ਪੈਰ ਅਤੇ ਮੂੰਹ ’ਤੇ ਨਿਸ਼ਾਨ ਪੈਣ ਜਾਂ ਸਮੇਂ-ਸਮੇਂ ’ਤੇ ਬੁਖਾਰ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸੇਂਟ ਕਬੀਰ ਪਬਲਿਕ ਸਕੂਲ ਸੈਕਟਰ-26 ਦੀ ਪ੍ਰਿੰਸੀਪਲ ਸ਼ਿਲਪੀ ਸੂਦ ਗਿੱਲ ਨੇ ਕਿਹਾ ਕਿ ਸਕੂਲ ਵਿੱਚ ਇਕ ਵਿਦਿਆਰਥੀ ਵਿੱਚ ਹੈਂਡ, ਫੁੱਟ ਅਤੇ ਮਾਊਥ ਬਿਮਾਰੀ ਦੇ ਲੱਛਣ ਪਾਏ ਜਾਣ ’ਤੇ ਇਹ ਫ਼ੈਸਲਾ ਲਿਆ ਹੈ। ਦਿੱਲੀ ਪਬਲਿਕ ਸਕੂਲ (ਡੀਪੀਐੱਸ) ਸੈਕਟਰ-40 ਦੇ ਪ੍ਰਬੰਧਕਾਂ ਨੇ ਵਿਦਿਆਰਥੀ ’ਚ ਬਿਮਾਰੀ ਦੇ ਲੱਛਣ ਪਾਏ ਜਾਣ ’ਤੇ ਥੀਏਟਰ ਫ?ਸਟੀਵਲ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦੀਆਂ ਸਾਰੀਆਂ ਕਲਾਸਾਂ ਸੈਨੀਟਾਈਜ਼ ਕਰਵਾਇਆ ਜਾ ਰਿਹਾ ਹੈ।