ਕੁਲਦੀਪ ਸਿੰਘ
ਚੰਡੀਗੜ੍ਹ, 9 ਸਤੰਬਰ
ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਕਰਵਾਈ ਗਈ ਐਨ.ਆਈ.ਆਰ.ਐਫ. ਰੈਂਕਿੰਗ-2021 ਵਿੱਚ ਪੀ.ਜੀ.ਆਈ. ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਨੇ ਦੂਜੇ ਬੈਸਟ ਇੰਸਟੀਚਿਊਟ ਦਾ ਰੈਂਕ ਪ੍ਰਾਪਤ ਕੀਤਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗ-2021 ਦੀ ਘੋਸ਼ਣਾ ਕੀਤੀ। ਇਸ ਰੈਂਕਿੰਗ ਵਿੱਚ ਮੈਡੀਕਲ ਸ਼੍ਰੇਣੀ ਤਹਿਤ ਦੇਸ਼ ਦੀਆਂ 118 ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਰੈਂਕਿੰਗ ਵਿੱਚ ਏਮਜ਼ ਨਵੀਂ ਦਿੱਲੀ ਨੇ ਇਸ ਸ਼੍ਰੇਣੀ ਵਿੱਚ ਪਹਿਲਾ ਸਥਾਨ, ਪੀ.ਜੀ.ਆਈ. ਚੰਡੀਗੜ੍ਹ ਨੇ ਦੂਸਰਾ ਅਤੇ ਸੀ.ਐਮ.ਸੀ. ਵੈਲੋਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ਾਰਮਾਸਿਯੂਟੀਕਲ ਸਾਇੰਸਿਜ਼ ਨੂੰ ਦੂਸਰਾ ਸਥਾਨ ਹਾਸਲ ਹੋਇਆ ਹੈ।
ਪੈੱਕ ਦੀ ਰੈਂਕਿੰਗ ਪਿਛਲੇ ਸਾਲ ਨਾਲੋਂ ਦੋ ਅੰਕ ਖਿਸਕੀ
ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ-2021 ਐਲਾਨੀ ਜਿਸ ਵਿਚ ਪੰਜਾਬ ਇੰਜਨੀਅਰਿੰਗ ਕਾਲਜ ਨੇ ਇੰਜਨੀਅਰਿੰਗ ਵਰਗ ’ਚ 70ਵਾਂ ਸਥਾਨ ਹਾਸਲ ਕੀਤਾ ਹੈ। ਪੈਕ ਦੀ ਰੈਂਕਿੰਗ ਪਿਛਲੇ ਸਾਲ ਨਾਲੋਂ ਦੋ ਅੰਕ ਖਿਸਕ ਗਈ ਹੈ। ਇਸ ਤੋਂ ਪਹਿਲਾਂ ਪੈਕ ਨੂੰ ਸਾਲ 2018 ਵਿਚ 73ਵਾਂ, 2019 ਵਿਚ 78ਵਾਂ ਤੇ 2020 ਵਿਚ 68ਵਾਂ ਰੈਂਕ ਮਿਲਿਆ ਸੀ। ਪੈਕ ਦੀ ਰੈਂਕਿੰਗ ਵਿਚ ਸੁਧਾਰ ਨਾ ਹੋਣ ਦਾ ਕਾਰਨ ਇਥੇ ਲੈਕਚਰਾਰਾਂ ਦੀ ਘਾਟ ਹੈ।