ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਜਨਵਰੀ
ਯੂਟੀ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਹੁਣ ਪੰਜਾਬ ਸੇਵਾ ਨਿਯਮਾਂ ਤਹਿਤ ਛੇਵੇਂ ਪੇਅ ਕਮਿਸ਼ਨ ਦੀਆਂ ਸਾਰੀਆਂ ਆਪਸ਼ਨਾਂ ਦੇ ਦਿੱਤੀਆਂ ਹਨ, ਜਿਸ ਤੋਂ ਬਾਅਦ ਅਧਿਆਪਕ ਤਨਖਾਹ ਵਿਚ ਵਾਧੇ ਦੇ ਹੱਕਦਾਰ ਹੋਣਗੇ। ਇਸ ਤੋਂ ਪਹਿਲਾਂ ਵਿਭਾਗ ਨੇ ਪੇਅ ਕਮਿਸ਼ਨ ਦੀਆਂ ਸਿਰਫ਼ ਦੋ ਹੀ ਆਪਸ਼ਨਾਂ ਦਿੱਤੀਆਂ ਸਨ ਜਿਸ ਕਾਰਨ ਅਧਿਆਪਕਾਂ ਵਿਚ ਰੋਸ ਸੀ। ਇਹ ਜਾਣਕਾਰੀ ਮਿਲੀ ਹੈ ਕਿ ਪਹਿਲਾਂ 2.25, 2.59 ਵਾਧੇ ਦੀ ਹੀ ਆਪਸ਼ਨ ਮਿਲੀ ਸੀ। 2.25 ਫੀਸਦੀ ਵਾਧੇ ਦਾ ਫਾਇਦਾ ਦਸ ਜਾਂ ਵੱਧ ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਹੋਣਾ ਸੀ ਜਦਕਿ 2.59 ਫੀਸਦੀ ਦੇ ਵਾਧੇ ਦਾ ਫਾਇਦਾ ਦਹਾਕਿਆਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਹੋਣਾ ਸੀ।
ਇਸ ਤੋਂ ਇਲਾਵਾ ਪੰਜਾਬ ਸੇਵਾ ਨਿਯਮਾਂ ਤਹਿਤ 15 ਫੀਸਦੀ ਤੇ 2015 ਤੋਂ ਬਾਅਦ ਨਿਯੁਕਤ ਹੋਏ ਅਧਿਆਪਕਾਂ ਲਈ ਵੱਖ-ਵੱਖ ਆਪਸ਼ਨਾਂ ਸਨ। ਯੂਟੀ ਦੇ ਸਕੂਲਾਂ ਵਿਚ ਨਵੇਂ ਨਿਯੁਕਤ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਆਪਸ਼ਨਾਂ ਨਾਲ ਤਨਖਾਹ ਵਿਚ ਵਾਧਾ ਨਹੀਂ ਹੋਣਾ ਸੀ ਜਿਸ ਕਾਰਨ ਸਾਰੀਆਂ ਆਪਸ਼ਨਾਂ ਭੇਜਣ ਦੀ ਮੰਗ ਕੀਤੀ ਗਈ ਸੀ। ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਸਾਰੀਆਂ ਆਪਸ਼ਨਾਂ ਸਬੰਧੀ ਪੱਤਰ 14 ਜਨਵਰੀ ਨੂੰ ਜਾਰੀ ਕਰ ਦਿਤਾ ਗਿਆ ਹੈ। ਇਸ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿਚ ਡੀਈਓ, ਸੈਕਸ਼ਨ ਅਫਸਰ, ਸੁਪਰਡੈਂਟ ਤੇ ਡੀਲਿੰਗ ਅਸਿਸਟੈਂਟ ਨੂੰ ਨਿਯੁਕਤ ਕੀਤਾ ਗਿਆ ਹੈ।
ਸਾਲ 2017 ਵਿੱਚ ਪਦ ਉਨਤ ਹੋਏ ਅਧਿਆਪਕਾਂ ਦੀ ਤਨਖਾਹ ਘੱਟ
ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਅਧਿਆਪਕ 2017 ਵਿਚ ਪਦਉਨਤ ਹੋਏ ਸਨ ਉਨ੍ਹਾਂ ਦੀ ਥਾਂ 2018 ਵਿਚ ਤਰੱਕੀਆਂ ਲੈਣ ਵਾਲਿਆਂ ਦੀ ਤਨਖਾਹ ਸਾਲ 2017 ਵਾਲਿਆਂ ਤੋਂ ਵਧ ਹੋ ਗਈ ਹੈ। ਇਨ੍ਹਾਂ ਅਧਿਆਪਕਾਂ ਨੇ 4-9-14 ਸਾਲ ਦੀਆਂ ਤਰੱਕੀਆਂ ਲੈ ਲਈਆਂ ਹਨ। ਇਨ੍ਹਾਂ ਖਾਮੀਆਂ ਨੂੰ ਹੁਣ ਉਪਰੋਕਤ ਚਾਰ ਮੈਂਬਰੀ ਕਮੇਟੀ ਦੂਰ ਕਰੇਗੀ।