ਹਰਜੀਤ ਸਿੰਘ
ਡੇਰਾਬੱਸੀ, 26 ਜੂਨ
ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਵੱਲੋਂ ਲੰਘੇ ਦਿਨੀਂ ਐਲਾਨੀ ਗਈ ਸ਼੍ਰੋਮਣੀ ਅਕਾਲੀ ਦਲ ਡੇਰਾਬੱਸੀ ਸ਼ਹਿਰੀ ਇਕਾਈ ਦੀ ਪਲੇਠੀ ਮੀਟਿੰਗ ਅੱਜ ਡੇਰਾਬੱਸੀ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਪਾਰ ਵਿੰਗ ਪੰਜਾਬ ਦੇ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਤਕੜੇ ਹੋ ਕੇ ਲੜਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀ ਹਨ।
ਕ੍ਰਿਸ਼ਨਪਾਲ ਨੇ ਕਿਹਾ ਕਿ ਕਾਂਗਰਸ ਦੇ ਚੋਣ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋਏ ਹਨ ਅਤੇ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਲੋਕ ਕਾਂਗਰਸ ਨੂੰ ਮਾੜੀ ਕਾਰਗੁਜ਼ਾਰੀ ਦਾ ਮੂੰਹ ਤੋੜਵਾਂ ਜਵਾਬ ਵਿਧਾਨ ਸਭਾ ਚੋਣਾਂ ਵਿਚ ਦੇਣਗੇ। ਇਸ ਮੌਕੇ ਉਨ੍ਹਾਂ ਡੇਰਾਬੱਸੀ ਸ਼ਹਿਰੀ ਇਕਾਈ ਦੀ ਨਵੀਂ ਬਣੀ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡਦਿਆਂ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਐਨ.ਕੇ. ਸ਼ਰਮਾ ਦੇ ਭਰਾ ਕੌਂਸਲਰ ਧਰਮਿੰਦਰ ਸ਼ਰਮਾ, ਸ਼ਹਿਰੀ ਪ੍ਰਧਾਨ ਸ਼ੁਰੇਸ਼ ਸ਼ਾਰਦਾ, ਉਦਯੋਗ ਵਿੰਗ ਪੰਜਾਬ ਦੇ ਪ੍ਰੈੱਸ ਸਕੱਤਰ ਭੁਪਿੰਦਰ ਸੈਣੀ, ਜਥੇਦਾਰ ਰਜਿੰਦਰ ਸਿੰਘ ਈਸਾਪੁਰ, ਗੁਰਇਕਬਾਲ ਸਿੰਘ ਪੂਨੀਆ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਰੰਗੀ, ਬਲਜੀਤ ਸਿੰਘ ਕਾਰਕੌਰ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।