ਸਰਬਜੀਤ ਸਿੰਘ ਭੱਟੀ
ਲਾਲੜੂ, 5 ਫਰਵਰੀ
ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਪਿੰਡ ਬਸੌਲੀ ਵਿੱਚ ਚੋਣ ਮੀਟਿੰਗ ਮੌਕੇ ਕਿਹਾ ਕਿ ਇਸ ਵਾਰ ਲੋਕ ਕਾਂਗਰਸੀ ਉਮੀਦਵਾਰ ਵੱਲੋਂ ਹਲਕੇ ਦੇ ਲੋਕਾਂ ’ਤੇ ਕਰਵਾਏ ਗਏ ਕਥਿਤ ਝੂਠੇ ਪਰਚਿਆਂ ਦਾ ਜਵਾਬ ਮੰਗਣਗੇ ਤੇ ਉਨ੍ਹਾਂ ਖ਼ਿਲਾਫ਼ ਵੋਟਾਂ ਪਾ ਕੇ ਰੋਸ ਪ੍ਰਗਟਾਉਣਗੇ। ਇਸ ਮੌਕੇ ਬਸੌਲੀ ਦੇ ਇਕ ਦਰਜਨ ਤੋਂ ਵੱਧ ਪਰਿਵਾਰ ਤੇ ਲਾਲੜੂ ਦੇ ਕਾਂਗਰਸੀ ਆਗੂ ਟੋਨੀ ਭਗਤ ਨੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਚਨਾਲੋਂ ਵਾਸੀਆਂ ਨੇ ਰਣਜੀਤ ਗਿੱਲ ਨੂੰ ਲੱਡੂਆਂ ਨਾਲ ਤੋਲਿਆ
ਕੁਰਾਲੀ (ਪੱਤਰ ਪ੍ਰੇਰਕ): ਹਲਕਾ ਖਰੜ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਇੱਕ ਚੋਣ ਮੀਟਿੰਗ ਸਥਾਨਕ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਵਿਖੇ ਹੋਈ। ਸਾਬਕਾ ਕੌਂਸਲਰ ਕੌਂਸਲਰ ਕੁਲਵੰਤ ਕੌਰ ਪਾਬਲਾ ਤੇ ਗੁਰਮੇਲ ਸਿੰਘ ਪਾਬਲਾ ਦੀ ਅਗਵਾਈ ਹੋਈ ਮੀਟਿੰਗ ਵਿੱਚ ਰਣਜੀਤ ਸਿੰਘ ਗਿੱਲ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਸ੍ਰੀ ਗਿੱਲ ਨੇ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਲਈ ਅਕਾਲੀ-ਬਸਪਾ ਗਠਜੋੜ ਦਾ ਸੱਤਾ ਵਿੱਚ ਆਉਣਾ ਜ਼ਰੂਰੀ ਹੈ।