ਹਰਜੀਤ ਸਿੰਘ
ਜ਼ੀਰਕਪੁਰ, 18 ਸਤੰਬਰ
ਚੰਡੀਗੜ੍ਹ ਹੱਦ ਦੇ ਨੇੜੇ ਉਸਾਰੇ ਜਾ ਰਹੇ ਓਵਰਪਾਸ ਦਾ ਕੰਮ ਦੀਵਾਲੀ ਤੱਕ ਪੂਰਾ ਹੋਣ ਦੀ ਆਸ ਬੱਝੀ ਹੈ। ਇਸ ਦੌਰਾਨ ਤਕਰੀਬਨ ਇਕ ਮਹੀਨਾ ਹੋਰ ਰਾਹਗੀਰਾਂ ਨੂੰ ਜਾਮ ਦਾ ਸਾਹਮਣਾ ਕਰਨਾ ਪਵੇਗਾ। ਮੱਠੀ ਰਫ਼ਤਾਰ ਵਿੱਚ ਚਲ ਰਹੇ ਓਵਰਪਾਸ ਦੀ ਉਸਾਰੀ ਦੌਰਾਨ ਇਥੇ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਜਿਸ ਕਾਰਨ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ।
ਜਾਣਕਾਰੀ ਅਨੁਸਾਰ ਲੰਘੇ ਸਾਲ ਨਵੰਬਰ ਦੇ ਮਹੀਨੇ ਵਿੱਚ ਚਾਲੂ ਹੋਏ ਇਸ ਓਵਰਪਾਸ ਦਾ ਕੰਮ ਕਾਫੀ ਹੱਦ ਤੱਕ ਨਬਿੜ ਗਿਆ ਹੈ। ਇਸ ਵੇਲੇ ਓਵਰਪਾਸ ਦੇ ਚੰਡੀਗੜ੍ਹ ਵਾਲੇ ਪਾਸੇ ਮਿੱਟੀ ਦੀ ਭਰਤ ਪਾਉਣ ਦਾ ਕੰਮ ਜਾਰੀ ਹੈ। ਜਦਕਿ ਜ਼ੀਰਕਪੁਰ ਵਾਲੇ ਪਾਸੇ ਮਿੱਟੀ ਦੀ ਭਰਤ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਜਾਣਕਾਰੀ ਅਨੁਸਾਰ 800 ਮੀਟਰ ਲੰਮੇ ਇਸ ਓਵਰਪਾਸ ਦੀ ਉਸਾਰੀ ਜਲੰਧਰ ਦੀ ਕੰਪਨੀ ਐਸੋਸੀਏਟ ਇੰਜਨੀਅਰ ਕਰ ਰਹੀ ਹੈ। ਕੰਪਨੀ ਵੱਲੋਂ ਲੰਘੇ ਮਾਰਚ ਮਹੀਨੇ ਵਿੱਚ ਇਸ ਓਵਰਪਾਸ ਦਾ ਕੰਮ ਪੰਜ ਮਹੀਨੇ ਵਿੱਚ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪਰ ਕੰਮ ਵਿੱਚ ਲਗਾਤਾਰ ਦੇਰੀ ਹੁੰਦੀ ਗਈ।
ਜਾਣਕਾਰੀ ਅਨੁਸਾਰ ਇਸ ਓਵਰਪਾਸ ਦੇ ਹੇਠਾਂ ਇਕ ਕ੍ਰਾਸਿੰਗ ਬਣਾਈ ਜਾ ਰਹੀ ਹੈ ਜਿਥੋਂ ਜ਼ੀਰਕਪੁਰ ਤੋਂ ਯੂ ਟਰਨ ਲੈਣ ਵਾਲੇ ਵਾਹਨ ਅਤੇ ਵਿਸ਼ੇਸ਼ ਤੌਰ ਤੋਂ ਭਬਾਤ ਗੁਦਾਮ ਖੇਤਰ ਤੋਂ ਮਾਲ ਲੈ ਕੇ ਆਉਣ ਅਤੇ ਜਾਣ ਵਾਲੇ ਭਾਰੀ ਵਾਹਨਾਂ ਦੀ ਕ੍ਰਾਸਿੰਗ ਕਰਵਾਈ ਜਾਏਗੀ। ਇਸ ਤੋਂ ਪਹਿਲਾਂ ਵਾਹਨ ਚਾਲਕਾਂ ਨੂੰ ਚੰਡੀਗੜ੍ਹ ਹੱਦ ਦੇ ਨੇੜੇ ਟਰੈਫਿਕ ਲਾਈਟਾਂ ਤੋਂ ਯੂ ਟਰਨ ਲੈਣਾ ਪੈਂਦਾ ਹੈ। ਲਾਈਟਾਂ ’ਤੇ ਵਾਹਨਾਂ ਦੇ ਮੁੜਨ ਦੌਰਾਨ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਜਾਮ ਲੱਗਦਾ ਸੀ। ਇਸ ਦੇ ਹੇਠਾਂ ਉਸਾਰੀ ਜਾ ਰਹੀ ਕ੍ਰਾਸਿੰਗ ਇਸ ਦੇ ਬਿਲਕੁਲ ਵਿਚਾਲੇ ਬਣਾਈ ਜਾ ਰਹੀ ਹੈ ਜਿਸ ਦੇ ਦੋਵੇਂ ਪਾਸੇ 400-400 ਮੀਟਰ ਓਵਰਪਾਸ ਉਸਾਰਿਆ ਜਾ ਰਿਹਾ ਹੈ। ਇਸ ਦੀ ਉਸਾਰੀ ਹੋਣ ਮਗਰੋਂ ਚੰਡੀਗੜ੍ਹ ਹੱਦ ਦੇ ਨੇੜੇ ਟਰੈਫਿਕ ਲਾਈਟਾਂ ਨੂੰ ਖ਼ਤਮ ਕਰ ਦਿੱਤਾ ਜਾਏਗਾ।
ਦੂਜੇ ਪਾਸੇ ਇਸ ਓਵਰਪਾਸ ਦੀ ਉਸਾਰੀ ਦੌਰਾਨ ਇਥੋਂ ਆਵਾਜਾਈ ਲੰਘਣ ਲਈ ਸਰਵਿਸ ਲੇਨ ਕਾਫੀ ਤੰਗ ਹੈ। ਚੰਡੀਗੜ੍ਹ ਹੱਦ ਦੇ ਨੇੜੇ ਆ ਕੇ ਵਾਹਨਾਂ ਦੀ ਤਾਦਾਦ ਵਧ ਜਾਂਦੀ ਹੈ ਜਦਕਿ ਸੜਕ ਤੰਗ ਹੋਣ ਕਾਰਨ ਇਥੇ ਹਰ ਵੇਲੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਸਵੇਰ ਅਤੇ ਸ਼ਾਮ ਵੇਲੇ ਤਾਂ ਇਥੇ ਸਥਿਤੀ ਕਾਫੀ ਗੰਭੀਰ ਹੋ ਜਾਂਦੀ ਹੈ।
ਗੱਲ ਕਰਨ ’ਤੇ ਸਾਈਟ ਇੰਜਨੀਅਰ ਗੁਰਜੀਤ ਸਿੰਘ ਨੇ ਕਿਹਾ ਕਿ ਮੌਨਸੂਨ ਦੌਰਾਨ ਕੰਮ ਵਿੱਚ ਖੜੌਤ ਆ ਗਈ ਸੀ ਪਰ ਹੁਣ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਦੀਵਾਲੀ ਤੱਕ ਇਸ ਦੇ ਚਾਲੂ ਹੋਣ ਦੀ ਪੂਰੀ ਸੰਭਾਵਨਾ ਹੈ।