ਜਗਮੋਹਨ ਸਿੰਘ
ਘਨੌਲੀ, 10 ਅਕਤੂਬਰ
ਇੱਥੇ ਅੱਜ ਪਿੰਡ ਆਸਪੁਰ ਕੋਟਬਾਲਾ ਡੀ-ਸਿਲਟਿੰਗ ਖਣਨ ਸਾਈਟ ’ਤੇ ਮਾਹੌਲ ਅੱਜ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਖਣਨ ਵਿਭਾਗ ਦੇ ਅਧਿਕਾਰੀਆਂ ਨੇ ਸਿਰਸਾ ਨਦੀ ਦੇ ਕੰਢਿਆਂ ਤੋਂ ਬਾਹਰ ਪੱਕੀਆਂ ਜ਼ਮੀਨਾਂ ਵਿੱਚ ਖਣਨ ਦਾ ਕੰਮ ਸ਼ੁਰੂ ਕਰਵਾ ਦਿੱਤਾ। ਪਿੰਡ ਆਸਪੁਰ ਦੇ ਲੋਕਾਂ ਨੇ ਜਦੋਂ ਪੱਕੀਆਂ ਜ਼ਮੀਨਾਂ ਵਿੱਚ ਜੇ.ਸੀ.ਬੀ. ਤੇ ਪੋਕਲੇਨ ਮਸ਼ੀਨਾਂ ਘੁੰਮਦੀਆਂ ਹੋਈਆਂ ਦੇਖੀਆਂ ਤਾਂ ਸਰਪੰਚ ਰਣਬੀਰ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਅਧਿਕਾਰੀਆਂ ਨੂੰ ਨਦੀ ਤੋਂ ਬਾਹਰ ਪੈਂਦੀਆਂ ਜ਼ਮੀਨਾਂ ਵਿੱਚ ਖਣਨ ਕਰਨ ਤੋਂ ਰੋਕ ਦਿੱਤਾ। ਸਰਪੰਚ ਰਣਬੀਰ ਸਿੰਘ ਆਸਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਪਾਸੇ ਸਿਰਸਾ ਨਦੀ ਪੈਂਦੀ ਹੈ ਅਤੇ ਦੂਜੇ ਪਾਸੇ ਸਤਲੁਜ ਦਰਿਆ ਵਗ ਰਿਹਾ ਹੈ। ਉਨ੍ਹਾਂ ਕਿਹਾ ਕਿ ਖਣਨ ਵਿਭਾਗ ਵੱਲੋਂ ਪਿੰਡ ਆਸਪੁਰ, ਕੋਟਬਾਲਾ ਅਤੇ ਮਾਜਰੀ ਗੁੱਜਰਾਂ ਦੇ ਲੋਕਾਂ ਦੀਆਂ ਪੱਕੀਆਂ ਜ਼ਮੀਨਾਂ ਨੂੰ ਬਚਾਉਣ ਲਈ ਨਦੀ ਦੀ ਡੀਸਿਲਟਿੰਗ ਕਰਕੇ ਨਦੀ ਦੇ ਤਲ ਨੂੰ ਡੂੰਘਾ ਕੀਤਾ ਗਿਆ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਹੁਣ ਨਦੀ ਦੀ ਡੀ-ਸਿਲਟਿੰਗ ਦਾ ਕੰਮ ਲਗਭਗ ਪੂਰਾ ਹੋ ਜਾਣ ਮਗਰੋਂ ਖਣਨ ਵਿਭਾਗ ਦੇ ਅਧਿਕਾਰੀਆਂ ਨੇ ਡੀ-ਸਿਲਟਿੰਗ ਦੀ ਆੜ ਹੇਠ ਨਦੀ ਤੋਂ ਬਾਹਰ ਪਿੰਡਾਂ ਵਾਲੇ ਪਾਸੇ ਸਥਿਤ ਲੋਕਾਂ ਦੀਆਂ ਪੱਕੀਆਂ ਜ਼ਮੀਨਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਉਨ੍ਹਾਂ ਦੇ ਪਿੰਡ ਵੱਲ ਪੱਕੀਆਂ ਜ਼ਮੀਨਾਂ ਨੂੰ ਪੁੱਟਿਆ ਗਿਆ ਤਾਂ ਸਿਰਸਾ ਨਦੀ ਉਨ੍ਹਾਂ ਦੇ ਪਿੰਡ ਨੂੰ ਰੋੜ੍ਹ ਕੇ ਸਤਲੁਜ ਦਰਿਆ ਵਿੱਚ ਸੁੱਟ ਦੇਵੇਗੀ ਤੇ ਉਹ ਕਿਸੇ ਵੀ ਸੂਰਤ ਵਿੱਚ ਅਜਿਹਾ ਨਹੀਂ ਹੋਣ ਦੇਣਗੇ। ਮੌਕੇ ਤੇ ਪਹੁੰਚੇ ਖਣਨ ਵਿਭਾਗ ਦੇ ਜੂਨੀਅਰ ਇੰਜਨੀਅਰਾਂ ਨੀਰਜ, ਅੰਕਿਤ ਤੇ ਯੁਵਰਾਜ ਨਾਗਪਾਲ ਨੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਵਿੱਚ ਰੇਤੇ ਬਜਰੀ ਦੀ ਕਿੱਲਤ ਕਾਰਨ ਖਣਨ ਕਰਨੀ ਜ਼ਰੂਰੀ ਹੈ, ਪਰ ਖ਼ਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਆਪੋ ਆਪਣੀ ਗੱਲ ’ਤੇ ਬਜ਼ਿੱਦ ਸਨ ਤੇ ਖਣਨ ਵਿਭਾਗ ਨੇ ਅਧਿਕਾਰੀਆਂ ਨੇ ਪੁਲੀਸ ਸੱਦ ਲਈ ਸੀ।