ਕੁਲਦੀਪ ਸਿੰਘ
ਚੰਡੀਗੜ੍ਹ, 15 ਜੁਲਾਈ
ਯੂਟੀ ਦੇ ਪਿੰਡ ਭਗਵਾਨਪੁਰ ਕਿਸ਼ਨਗੜ੍ਹ ਵਿੱਚ ਖੁੱਲ੍ਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਅੱਜ ਪਿੰਡ ਨਿਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾਸੀਆਂ ਦੇ ਇਕੱਠ ਨੂੰ ਕਾਬੂ ਕਰਨ ਲਈ ਪੁਲੀਸ ਵੀ ਮੌਕੇ ’ਤੇ ਪਹੁੰਜੀ।
ਪੁਲੀਸ ਅਧਿਕਾਰੀਆਂ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ, ਜਿਸ ਦੌਰਾਨ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਤਿੰਨ ਦਿਨਾਂ ਦੇ ਅੰਦਰ ਠੇਕਾ ਇੱਥੋਂ ਤਬਦੀਲ ਕਰਨ ਦਾ ਭਰੋਸਾ ਦੇ ਕੇ ਧਰਨਾ ਪ੍ਰਦਰਸ਼ਨ ਖ਼ਤਮ ਕਰਵਾਇਆ।
ਧਰਨਾ ਪ੍ਰਦਰਸ਼ਨ ਕਰ ਰਹੇ ਪਿੰਡ ਦੀ ਸਾਬਕਾ ਪੰਚ ਬੇਬੀ ਰਾਣੀ, ਕਾਂਗਰਸੀ ਆਗੂ ਦੀਪਕ ਲੁਬਾਣਾ, ਮੁਕੇਸ਼ ਕੁਮਾਰ, ਲਵ ਕੁਮਾਰ, ਕਰਨੈਲ ਕੌਰ, ਅਮਰਜੀਤ ਕੌਰ, ਕੰਚਨ, ਨਸੀਬ ਕੌਰ, ਬਲਵਿੰਦਰ ਕੌਰ ਅਤੇ ਸਾਬਕਾ ਬਲਾਕ ਵਿਕਾਸ ਕਮੇਟੀ ਮੈਂਬਰ ਨਵੀਨ ਲੁਬਾਣਾ ਨੇ ਕਿਹਾ ਕਿ ਆਬਾਦੀ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਿਆ ਜਾਣਾ ਜਿੱਥੇ ਕਾਨੂੰਨੀ ਤੌਰ ’ਤੇ ਗਲਤ ਹੈ, ਉਥੇ ਹੀ ਪਿੰਡ ਦੇ ਵਸਨੀਕਾਂ ਨੂੰ ਵੀ ਇਸ ਠੇਕੇ ਤੋਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇਸ ਠੇਕੇ ਨੂੰ ਤਬਦੀਲ ਕਰਵਾਉਣ ਲਈ ਡੀਸੀ ਚੰਡੀਗੜ੍ਹ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਅੱਜ ਮਜ਼ਬੂਰ ਹੋ ਲੋਕਾਂ ਨੂੰ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਠੇਕਾ ਤੁਰੰਤ ਇੱਥੋਂ ਤਬਦੀਲ ਕੀਤਾ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਠੇਕਾ ਤੁਰੰਤ ਇੱਥੋਂ ਸ਼ਿਫ਼ਟ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਯੂਟੀ ਪ੍ਰਸ਼ਾਸਨ ਖ਼ਿਲਾਫ਼ ਵੱਡਾ ਸੰਘਰਸ਼ ਕਰਨਾ ਪਵੇਗਾ।