ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਇੱਥੋਂ ਦੇ ਸੈਕਟਰ-42 ਦੇ ਪਿੰਡ ਅਟਾਵਾ ਨੂੰ ਅਟਾਵਾ ਚੌਕ ਤੋਂ ਜਾਣ ਵਾਲੀ ਮੁੱਖ ਸੜਕ ਬੰਦ ਕਰਨ ਖ਼ਿਲਾਫ਼ ਇਲਾਕਾ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀ ਕੌਂਸਲਰ ਜਸਬੀਰ ਸਿੰਘ ਬੰਟੀ ਸਣੇ ਇਲਾਕਾ ਵਾਸੀਆਂ ਨੇ ਅਟਾਵਾ ਚੌਕ ਤੋਂ ਪਿੰਡ ਅਟਾਵਾ ਨੂੰ ਜਾਣ ਵਾਲੀ ਸੜਕ ਖੋਲ੍ਹਣ ਦੀ ਮੰਗ ਕੀਤੀ ਹੈ। ਲੋਕਾਂ ਦੇ ਵਿਰੋਧ ਦੇ ਚੱਲਦਿਆਂ ਯੂਟੀ ਪ੍ਰਸ਼ਾਸਨ ਨੂੰ ਆਪਣਾ ਕੰਮ ਵਿਚਕਾਰ ਰੋਕਣਾ ਪਿਆ। ਜਾਣਕਾਰੀ ਅਨੁਸਾਰ ਅਟਾਵਾ ਚੌਕ ਤੋਂ ਪਿੰਡ ਅਟਾਵਾ ਨੂੰ ਜਾਣ ਵਾਲੀ ਸੜਕ ’ਤੇ ਹਾਦਸੇ ਹੋਣ ਕਰਕੇ ਯੂਟੀ ਪ੍ਰਸ਼ਾਸਨ ਵੱਲੋਂ ਸੜਕ ਵਿਚਕਾਰ ਛੱਡੇ ਰਾਹ ਨੂੰ ਬੰਦ ਕੀਤਾ ਜਾ ਰਿਹਾ ਹੈ। ਕੌਂਸਲਰ ਜਸਵੀਰ ਸਿੰਘ ਬੰਟੀ ਨੇ ਕਿਹਾ ਕਿ ਸੜਕ ਨੂੰ ਬੰਦ ਕਰਨਾ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਸੜਕ ਬੰਦ ਕਰਨ ਦੀ ਥਾਂ ’ਤੇ ਸਪੀਡ ਬਰੇਕਰ ਬਣਾਉਣੇ ਚਾਹੀਦੇ ਹਨ। ਸੜਕ ਬੰਦ ਕਰਨ ਕਰਕੇ ਲੋਕਾਂ ਨੂੰ ਚਾਰ ਕਿੱਲੋਮੀਟਰ ਲੰਬੇ ਰਾਹ ਤੋਂ ਘੁੰਮ ਕੇ ਆਉਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਸੜਕ ਨੂੰ ਬੰਦ ਕਰਨ ਦੀ ਥਾਂ ਹੋਰ ਬਦਲਵੇਂ ਪ੍ਰਬੰਧ ਕੀਤੇ ਜਾਣ।