ਕੁਲਦੀਪ ਸਿੰਘ
ਚੰਡੀਗੜ੍ਹ, 28 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਲਾਲ ਲਕੀਰ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਵੀ ਹੁਣ ਪਾਣੀ ਦੇ ਕੁਨੈਕਸ਼ਨ ਮਿਲਣੇ ਸੰਭਵ ਹੋ ਗਏ ਹਨ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਹੁਕਮ ਭੇਜ ਕੇ ਪ੍ਰਸਤਾਵ ਭੇਜਣ ਲਈ ਕਿਹਾ ਹੈ ਤਾਂ ਜੋ ਇਨ੍ਹਾਂ ਲੋਕਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਜਾ ਸਕੇ।
ਵੇਰਵਿਆਂ ਮੁਤਾਬਕ ਚੰਡੀਗੜ੍ਹ ਦੇ ਪਿੰਡਾਂ ਵਿੱਚ ਹਜ਼ਾਰਾਂ ਲੋਕ ਹਨ ਜਿਹੜੇ ਲਾਲ ਲਕੀਰ ਤੋਂ ਬਾਹਰ ਰਹਿ ਰਹੇ ਹਨ। ਇਨ੍ਹਾਂ ਘਰਾਂ ਵਿੱਚ ਲੋਕਾਂ ਕੋਲ ਬਿਜਲੀ ਦੇ ਕੁਨੈਕਸ਼ਨ ਤਾਂ ਹਨ ਪ੍ਰੰਤੂ ਪਾਣੀ ਦੀ ਸਪਲਾਈ ਟੈਂਕਰਾਂ ਰਾਹੀਂ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸਾਲ 2021 ਵਿੱਚ ਨਿਗਮ ਦ ਮੀਟਿੰਗ ਵਿੱਚ ਇਸ ਬਾਰੇ ਮਤਾ ਪਾਸ ਕੀਤਾ ਜਾ ਚੁੱਕਾ ਸੀ ਪ੍ਰੰਤੂ ਪ੍ਰਸ਼ਾਸਨ ਨੇ ਉਸ ਮਤੇ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਹੁਣ ਸਲਾਹਕਾਰ ਵੱਲੋਂ ਨਿਗਮ ਕਮਿਸ਼ਨਰ ਨੂੰ ਭੇਜੇ ਗਏ ਹੁਕਮਾਂ ਉਪਰੰਤ ਇਨ੍ਹਾਂ ਲੋਕਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣ ਦਾ ਮਸਲਾ ਹੱਲ ਹੋਣ ਦੀ ਆਸ ਬੱਝ ਗਈ ਹੈ। ਪਤਾ ਲੱਗਿਆ ਹੈ ਕਿ ਇਹ ਕੁਨੈਕਸ਼ਨ ਸਿਰਫ਼ ਪਾਣੀ ਦੀ ਸਪਲਾਈ ਦੇਣ ਲਈ ਹੀ ਹਨ ਪ੍ਰੰਤੂ ਲਾਲ ਲਕੀਰ ਤੋਂ ਬਾਹਰ ਰਹਿ ਰਹੇ ਇਹ ਲੋਕ ਪਾਣੀ ਦੇ ਬਿਲਾਂ ਨੂੰ ਕਾਨੂੰਨੀ ਡਾਕੂਮੈਂਟ ਦੇ ਤੌਰ ’ਤੇ ਨਹੀਂ ਵਰਤ ਸਕਣਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਲਾਲ ਲਕੀਰ ਤੋਂ ਬਾਹਰ ਰਹਿ ਰਹੇ ਲੋਕਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦਾ ਮੁੱਦਾ ਉਹ ਪਿਛਲੇ ਲੰਬੇ ਸਮੇਂ ਤੋਂ ਚੁੱਕਦੇ ਆਏ ਹਨ ਅਤੇ ਹੁਣ ਲੰਬੇ ਸਮੇਂ ਬਾਅਦ ਜਾ ਕੇ ਪ੍ਰਸ਼ਾਸਨ ਇਨ੍ਹਾਂ ਲੋਕਾਂ ਉਤੇ ਮਿਹਰਬਾਨ ਹੋਣ ਜਾ ਰਿਹਾ ਹੈ। ਪਿੰਡ ਫੈਦਾਂ ਦੇ ਕੌਂਸਲਰ ਜਸਬੀਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਲਾਲ ਲਕੀਰ ਤੋਂ ਬਾਹਰ ਰਹਿ ਰਹੇ ਲੋਕਾਂ ਦਾ ਟੈਂਕਰਾਂ ਦੇ ਪਾਣੀ ਤੋਂ ਖਹਿੜਾ ਛੁੱਟ ਜਾਵੇਗਾ ਅਤੇ ਲੋਕ ਸਾਫ਼ ਸੁਥਰਾ ਪਾਣੀ ਪੀ ਸਕਣਗੇ।