ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 21 ਜੁਲਾਈ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਦੇ ਪਿੰਡਾਂ ਮਸੋਲ, ਕਾਨੇ ਦਾ ਵਾੜਾ, ਟਾਂਡਾ-ਟਾਂਡੀ, ਪ੍ਰੇਮਪੁਰਾ ਵਾਲੇ ਪਾਸਿਉਂ ਆਉਂਦੀ ਪਟਿਆਲਾ ਕੀ ਰਾਉ ਨਦੀ ਉਤੇ ਪੁਲ ਬਣਾਉਣ ਲਈ, ਮੋਬਾਈਲ ਟਾਵਰ ਸਮੇਤ ਸਕੂਲਾਂ ਦੇ ਵਿਕਾਸ ਲਈ ਲੋਕਾਂ ਦਾ ਵਫਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਮਿਲਿਆ। ਭਾਈ ਸਤਨਾਮ ਸਿੰਘ ਸਮੇਤ ਪਿੰਡ ਟਾਂਡਾ ਦੀ ਸਮੁੱਚੀ ਪੰਚਾਇਤ ਤੇ ਲੋਕਾਂ ਨੇ ਮੰਤਰੀ ਨੂੰ ਮੰਗ ਪੱਤਰ ਦੇਣ ਮਗਰੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਵਸਦੇ ਪਿੰਡ ਪ੍ਰੇਮਪੁਰਾ ਤੇ ਪਿੰਡ ਕਾਨੇ ਦਾ ਵਾੜਾ ਕੋਲੋਂ ਲੰਘਦੀ ਬਰਸਾਤੀ ਨਦੀ ਉਤੇ ਕੋਈ ਵੀ ਪੁਲ ਨਾ ਹੋਣ ਕਾਰਨ ਲੋਕਾਂ ਨੂੰ ਬਰਸਾਤਾਂ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਫਿਲਹਾਲ ਨਦੀ ਦੇ ਪਾਣੀ ’ਚੋਂ ਲੰਘਣ ਲਈ ਲੋਕਾਂ ਵੱਲੋਂ ਰਲ ਮਿਲ ਕੇ ਆਪਣੇ ਖਰਚਿਆਂ ਉਤੇ ਆਰਜ਼ੀ ਤੌਰ ’ਤੇ ਰਾਸਤਾ ਬਣਾਇਆ ਜਾ ਰਿਹਾ ਹੈ। ਮੰਤਰੀ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਵਿਸਾਰੇ ਇਸ ਪਹਾੜੀ ਖੇਤਰ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ‘ਆਪ’ ਦੀ ਸਰਕਾਰ ਹਮੇਸ਼ਾ ਤਤਪਰ ਹੈ।