ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਅਕਤੂਬਰ
ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਦੇ ਵਾਸੀਆਂ ਨੇ ਨਗਰ ਨਿਗਮ ਵਲੋਂ ਭੇਜੇ ਗਏ ਪਾਣੀ ਦੇ ਬਿੱਲਾਂ ਨੂੰ ਲੈ ਕੇ ਅੱਜ ਇਥੇ ਸੈਕਟਰ 17 ਸਥਿਤ ਨਗਰ ਨਿਗਮ ਦੇ ਦਫਤਰ ਵਿਖੇ ਰੋਸ ਧਰਨਾ ਦਿੱਤਾ। ਇਥੇ ਨਿਗਮ ਦਫਤਰ ਪੁੱਜੇ ਪਿੰਡ ਵਾਸੀਆਂ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ, ਨੇ ਨਿਗਮ ਵਲੋਂ ਪਾਣੀ ਦੇ ਬਿੱਲਾਂ ਵਿੱਚ ਜੋੜ ਕੇ ਭੇਜੀ ਗਈ ਗਾਰਬੇਜ ਕੁਲੈਕਸ਼ਨ ਫੀਸ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਗਰ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਪਿੰਡ ਵਾਸੀਆਂ ਦੇ ਇਸ ਧਰਨੇ ਵਿੱਚ ਸ਼ਾਮਲ ਹੋਏ। ਸ੍ਰੀ ਬੁਟੇਰਲਾ ਨੇ ਦੱਸਿਆ ਪਿੰਡ ਵਾਸੀ ਨਗਰ ਨਿਗਮ ਵਲੋਂ ਪਾਣੀ ਦੇ ਬਿਲਾਂ ਵਿੱਚ ਜੋੜ ਕੇ ਭੇਜੇ ਗਏ ਗਾਰਬੇਜ ਸ਼ੁਲਕ ਤੋਂ ਰੋਸ ਵਿੱਚ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਪਾਣੀ ਦੇ ਬਿਲਾਂ ਵਿੱਚ ਪਿਛਲੇ ਅੱਠ ਮਹੀਨਿਆਂ ਦਾ ਗਾਰਬੇਜ ਸ਼ੁਲਕ ਜੋੜ ਕੇ ਭੇਜ ਦਿੱਤਾ ਹੈ, ਜੋ ਕਿ ਕਈਂ ਹਜ਼ਾਰਾਂ ਵਿੱਚ ਬਣਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਪਿੰਡਾਂ ਦੀਆਂ ਦੁਕਾਨਾਂ ਲਈ ਵਸੂਲੇ ਜਾ ਰਹੇ ਪੰਜ ਸੌ ਰੁਪਏ ਪ੍ਰਤੀ ਦੁਕਾਨ ਗਾਰਬੇਜ ਸ਼ੁਲਕ ਨੂੰ ਘਟਾ ਕੇ ਇੱਕ ਸੌ ਰੁਿਆ ਕੀਤਾ ਜਾਵੇ ਅਤੇ ਪਿਛਲੇ ਅੱਠ ਮਹੀਨਿਆਂ ਦੇ ਗਾਰਬੇਜ ਸ਼ੁਲਕ ਨੂੰ ਰੱਦ ਕਰਕੇ ਇਸ ਮਹੀਨੇ ਅਕਤੂਬਰ ਤੋਂ ਇਹ ਗਾਰਬੇਜ ਸ਼ੁਲਕ ਵਸੂਲਿਆ ਜਾਵੇ।