ਪੱਤਰ ਪ੍ਰੇਰਕ
ਮੋਰਿੰਡਾ, 12 ਜੁਲਾਈ
ਪਿਛਲੇ ਪੰਜ ਦਿਨ ਤੋਂ ਬਿਜਲੀ ਨਾ ਆਉਣ ’ਤੇ ਪ੍ਰੇਸ਼ਾਨ ਇੱਥੋਂ ਦੇ ਸੁੰਦਰ ਨਗਰ ਕਲੋਨੀ ਅਤੇ ਪਾਲਮ ਐਨਕਲੇਵ ਦੇ ਵਾਸੀਆਂ ਨੇ ਅੱਜ ਪਾਵਰਕੌਮ ਦੇ ਮੋਰਿੰਡਾ ਸਥਿਤ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਸਥਾਨਕ ਐੱਸਡੀਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਾਲਮ ਐਨਕਲੇਵ ਦੇ ਪ੍ਰਧਾਨ ਪੰਡਿਤ ਅਮਰ ਨਾਥ ਸ਼ਰਮਾ ਨੇ ਦੱਸਿਆ ਕਿ ਤੇ ਮੋਰਿੰਡਾ ਵਿੱਚ ਅੱਠ ਜੁਲਾਈ ਤੋਂ ਬਿਜਲੀ ਸਪਲਾਈ ਬੰਦ ਹੈ। ਉਨ੍ਹਾਂ ਕਿਹਾ ਕਿ ਉਹ ਬੀਤੇ ਦਿਨ ਸਮੱਸਿਆ ਸਬੰਧੀ ਪਾਵਰਕੌਮ ਦੇ ਐੱਸਡੀਓ ਨੂੰ ਮਿਲੇ ਸੀ, ਜਿਨ੍ਹਾਂ ਸਟਾਫ ਘੱਟ ਹੋਣ ਬਾਰੇ ਕਹਿ ਕੇ ਪੱਲਾ ਛੁਡਾ ਲਿਆ। ਧਰਨਾਕਾਰੀਆਂ ਨੇ ਪਾਵਰਕੌਮ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਬਿਜਲੀ ਦੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਉਹ ਮੋਰਿੰਡਾ-ਚੰਡੀਗੜ੍ਹ ਮਾਰਗ ’ਤੇ ਆਵਾਜਾਈ ਠੱਪ ਕਰਨਗੇ। ਇਸ ਸਬੰਧੀ ਵਧੀਕ ਐੱਸਡੀਓ ਭੁਪਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਗਰਿੱਡ ਵਿੱਚ ਪਾਣੀ ਭਰਨ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਜ਼ਰੂਰ ਪਿਆ ਹੈ ਪਰ ਹੁਣ ਇਨ੍ਹਾਂ ਕਲੋਨੀਆਂ ਦੀ ਸਪਲਾਈ ਚਾਲੂ ਕਰਵਾ ਦਿੱਤੀ ਗਈ ਹੈ।
ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਪ੍ਰਦਰਸ਼ਨ
ਲਾਲੜੂ: ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ ਚਾਰ ਵਿੱਚ ਪੈਂਦੇ ਰੋਜ਼ ਇਨਕਲੇਵ ਵਾਸੀਆਂ ਨੇ ਸਵੇਰੇ ਸੱਤ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਲੱਗਦੇ ਬਿਜਲੀ ਦੇ ਕੱਟ ਤੋਂ ਪ੍ਰੇਸ਼ਾਨ ਹੋ ਕੇ ਪਾਵਰਕੌਮ ਖ਼ਿਲਾਫ਼ ਭਾਜਪਾ ਮੰਡਲ ਲਾਲੜੂ ਦੇ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਬਿਜਲੀ ਬੋਰਡ ਮੰਡਲ ਲਾਲੜੂ ਦੇ ਐਕਸੀਅਨ ਨੂੰ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਖੇਤਾਂ ਵਾਲੀ ਜਾਸਤਨਾਂ ਫੀਡਰ ਲਾਈਨ ਨੂੰ 24 ਘੰਟੇ ਕੀਤਾ ਜਾਵੇ। ਇਸ ਤਰ੍ਹਾਂ ਸ਼ਿਆਮ ਇੰਡੋਸਪਿਨ ਫੈਕਟਰੀ ਨੇੜੇ ਰਹਿੰਦੇ ਪਰਿਵਾਰਾਂ ਨੇ ਬਿਜਲੀ ਦਾ 25 ਕਿਲੋਵਾਟ ਦਾ ਟਰਾਂਸਫਾਰਮਰ ਵਧਾ ਕੇ ਵੱਡਾ ਰੱਖਣ ਦੀ ਮੰਗ ਕੀਤੀ ਹੈ। ਐਕਸੀਅਨ ਮੰਡਲ ਲਾਲੜੂ ਨੇ ਸਮੱਸਿਆਵਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ