ਹਰਜੀਤ ਸਿੰਘ
ਡੇਰਾਬੱਸੀ, 12 ਫਰਵਰੀ
ਹਲਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨ ਕੇ ਸ਼ਰਮਾ ਨੇ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸੱਚੇ ਹਨ ਤਾਂ ਲੋਕਾਂ ਸਾਹਮਣੇ ਆ ਕੇ ਆਪਣੇ ’ਤੇ ਦੋਸ਼ਾਂ ਦਾ ਜਵਾਬ ਕਿਉਂ ਨਹੀਂ ਦਿੰਦੇ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਢਿੱਲੋਂ ਅਤੇ ਉਨ੍ਹਾਂ ਦੇ ਤਿੰਨੇ ਨਗਰ ਕੌਂਸਲ ਦੇ ਪ੍ਰਧਾਨ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ।
ਸ੍ਰੀ ਸ਼ਰਮਾ ਪਿੰਡ ਕਾਰਕੌਰ, ਬਰੌਲੀ ਤੇ ਸੇਖਪੁਰਾ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਜਦੋਂ ਪੂਰਾ ਦੇਸ਼ ਲੌਕਡਾਊਨ ਵਿੱਚ ਬੰਦ ਸੀ ਅਤੇ ਅਕਾਲੀ ਦਲ ਦੇ ਸਾਰੇ ਵਰਕਰ ਲੋੜਵੰਦਾਂ ਦੀ ਮਦਦ ਕਰ ਰਹੇ ਸਨ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਿਲ ਕੇ ਬਾਕਰਪੁਰ ਵਿੱਚ ਨਾਜਾਇਜ਼ ਮਾਈਨਿੰਗ ਕਰ ਰਹੇ ਸਨ। ਦੋਵੇਂ ਮਾਈਨਿੰਗ ਮਾਫੀਆ ਨੇ ਇਸ ਖੇਤਰ ਨੂੰ ਲੁੱਟਣ ਲਈ ਟਿਕਟਾਂ ਖਰੀਦੀਆਂ ਹਨ ਤੇ ਦੋਵੇਂ ਆਗੂ ਆਪਸੀ ਸਹਿਮਤੀ ਨਾਲ ਚੋਣ ਲੜ ਰਹੇ ਹਨ। ਉਨ੍ਹਾਂ ਲੋਕਾਂ ਨੂੰ ਡੇਰਾਬੱਸੀ ਵਿੱਚੋਂ ਭ੍ਰਿਸ਼ਟਾਚਾਰੀਆਂ ਨੂੰ ਭਜਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਇੱਕ ਵੀ ਨਵਾਂ ਪ੍ਰਾਜੈਕਟ ਨਹੀਂ ਆਇਆ ਜਦਕਿ ਅਕਾਲੀ ਦਲ ਦੀ ਸਰਕਾਰ ਨੇ ਬਿਜਲੀ ਸਪਲਾਈ ਅਤੇ ਇੱਥੇ ਸਿੰਜਾਈ ਸਹੂਲਤਾਂ ਮੁਹੱਈਆ ਕਰਵਾਈਆਂ ਸਨ।
‘ਕਾਂਗਰਸ, ‘ਆਪ’ ਅਤੇ ਭਾਜਪਾ ਸੂਬੇ ਨੂੰ ਲੁੱਟਣ ਲਈ ਚੋਣਾਂ ਲੜ ਰਹੀਆਂ ਹਨ’
ਲਾਲੜੂ: ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐੱਨ ਕੇ ਸ਼ਰਮਾ ਨੇ ਲਾਲੜੂ ਵਿੱਚ ਵੱਖ-ਵੱਖ ਚੋਣ ਮੀਟਿੰਗਾਂ ਨੁੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਤਰਜ਼ਮਾਨੀ ਕਰਨ ਵਾਲੀ ਇੱਕੋ-ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਦਕਿ ਕਾਂਗਰਸ, ‘ਆਪ’ ਅਤੇ ਭਾਜਪਾ ਦਿੱਲੀ ਦੀਆਂ ਪਾਰਟੀਆਂ ਹਨ, ਜੋ ਪੰਜਾਬ ਨੂੰ ਲੁੱਟਣ ਦੀ ਫਿਰਾਕ ਵਿੱਚ ਚੋਣਾਂ ਲੜ ਰਹੀਆ ਹਨ। ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ, ਪੰਜਾਬ ਵਿੱਚ 12 ਲੱਖ ਟਿਊਬਵੈੱਲ ਕੁਨੈਕਸ਼ਨ ਮੁਫ਼ਤ ਦਿੱਤੇ, ਜਿਨ੍ਹਾਂ ਵਿੱਚੋਂ 550 ਮੁਫ਼ਤ ਟਿਊਬਵੈੱਲ ਕੁਨੈਕਸ਼ਨ ਡੇਰਾਬੱਸੀ ਦੇ ਕਿਸਾਨਾਂ ਨੂੰ ਦਿੱਤੇ ਗਏ ਹਨ। -ਪੱਤਰ ਪ੍ਰੇਰਕ