ਸ਼ਸ਼ੀ ਪਾਲ ਜੈਨ
ਖਰੜ, 29 ਦਸੰਬਰ
ਜਦੋਂ ਖਰੜ ਦੇ ਜੰਮਪਲ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਸ਼ਹਿਰ ਦੇ ਵਾਸੀ ਬਹੁਤ ਖ਼ੁਸ਼ ਸਨ ਕਿ ਹੁਣ ਇੱਥੋਂ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ ਅਤੇ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ। ਭਾਵੇਂ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਆਈ ਹੈ ਪਰ ਸ਼ਹਿਰ ਨਿਵਾਸੀਆਂ ਲਈ ਖਰੜ ਨੂੰ ਸੀਐਮ ਸਿਟੀ ਬਣਨ ਦੇ ਨਾਲ ਹੀ ਨਵੀਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿਸ ਦਿਨ ਤੋਂ ਖਰੜ ਸੀਐੱਮ ਸਿਟੀ ਬਣਿਆ ਹੈ, ਉਸ ਦਿਨ ਤੋਂ ਪੰਜਾਬ ਭਰ ਦੇ ਮੁਲਾਜ਼ਮਾਂ ਦਾ ਅੰਤਿਮ ਠਿਕਾਣਾ ਇੱਕ ਤਰ੍ਹਾਂ ਨਾਲ ਖਰੜ ਬਣ ਗਿਆ ਹੈ। ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇ ਜਿਸ ਦਿਨ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਖਰੜ ਦੇ ਬੱਸ ਸਟੈਂਡ ਉੱਤੇ ਜਾਂ ਪਿੰਡ ਦੇਸੂਮਾਜਰਾ ਫਲਾਈਓਵਰ ਨੇੜੇ ਧਰਨਾ ਨਾ ਲਗਾਇਆ ਜਾਂਦਾ ਹੋਵੇ। ਇਹ ਜਾਮ ਕਈ-ਕਈ ਘੰਟੇ ਚੱਲਦਾ ਹੈ ਅਤੇ ਖਰੜ ਸ਼ਹਿਰ ਬਿਲਕੁਲ ਜਾਮ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਖਰੜ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਆਪਣੇ ਕੰਮ -ਧੰਦਿਆਂ ਲਈ ਅਤੇ ਵਿਦਿਆਰਥੀ ਪੜ੍ਹਨ ਲਈ ਚੰਡੀਗੜ੍ਹ ਅਤੇ ਮੁਹਾਲੀ ਜਾਂਦੇ ਹਨ। ਇਸ ਜਾਮ ਨਾਲ ਜਿੱਥੇ ਉਨ੍ਹਾਂ ਦੇ ਵਾਹਨ ਟਰੈਫ਼ਿਕ ਵਿੱਚ ਫਸ ਜਾਂਦੇ ਹਨ ਉੱਥੇ ਸ਼ਹਿਰ ਦੇ ਲੋਕ ਉਨ੍ਹਾਂ ਦਾ ਇੰਤਜ਼ਾਰ ਕਰਦੇ ਹੋਏ ਉਨ੍ਹਾਂ ਦੀ ਉਡੀਕ ਵਿੱਚ ਚਿੰਤਤ ਰਹਿੰਦੇ ਹਨ। ਇਨ੍ਹਾਂ ਧਰਨਿਆਂ ਨਾਲ ਵਪਾਰੀਆਂ ਦਾ ਬਹੁਤ ਹੀ ਬੁਰਾ ਹਾਲ ਹੈ ਅਤੇ ਬੱਸ ਸਟੈਂਡ ਅਤੇ ਮੁੱਖ ਸੜਕਾਂ ਦੇ ਦੋਵੇਂ ਪਾਸੇ ਜਿੰਨੇ ਵੀ ਦੁਕਾਨਦਾਰ ਹਨ ਉਨ੍ਹਾਂ ਦਾ ਵਪਾਰ ਮੁਕੰਮਲ ਤੌਰ ’ਤੇ ਠੱਪ ਹੋ ਗਿਆ ਹੈ। ਸ਼ਹਿਰ ਵਾਸੀ ਅਤੇ ਵਪਾਰੀ ਇਨ੍ਹਾਂ ਧਰਨਿਆਂ ਤੋਂ ਬਹੁਤ ਪ੍ਰੇਸ਼ਾਨ ਹਨ । ਉਧਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਹਰ ਰੋਜ਼ ਲੱਗ ਰਹੇ ਧਰਨਿਆਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਂਦਾ। ਵਪਾਰ ਮੰਡਲ ਖਰੜ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹੇ ਵਿੱਚ ਭਾਵੇਂ ਧਾਰਾ 144 ਲੱਗੀ ਹੋਈ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਮੁੱਦੇ ਨੂੰ ਲੈ ਕੇ ਕਈ ਵਾਰੀ ਸ਼ਹਿਰ ਵਾਸੀਆਂ ਅਤੇ ਧਰਨਾ ਦੇਣ ਵਾਲਿਆਂ ਨਾਲ ਹੱਥੋਪਾਈ ਦੀ ਨੌਬਤ ਵੀ ਆ ਚੁੱਕੀ ਹੈ । ਰੋਜ਼ਾਨਾ ਲਗਦੇ ਜਾਮਾਂ ਕਾਰਨ ਪ੍ਰਸ਼ਾਸਨ ਅਤੇ ਪੁਲੀਸ ਨੂੰ ਹਮੇਸ਼ਾ ਹੀ ਹੱਥਾਂ-ਪੈਰਾਂ ਦੀ ਪਈ ਰਹਿੰਦੀ ਹੈ। ਸਥਾਨਕ ਵਾਸੀਆਂ ਅਤੇ ਰਾਹਗੀਰਾਂ ਨੇ ਇਸ ਮਸਲੇ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।
ਐੱਨਐੱਸਕਿਊਐੱਫ ਅਧਿਆਪਕਾਂ ਵੱਲੋਂ ਟਰੈਫਿਕ ਜਾਮ
ਖਰੜ: ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅੱਜ ਐੱਨਐੱਸਕਿਊਐੱਫ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਖਰੜ ਦੇ ਬੱਸ ਸਟੈਂਡ ਚੌਕ ਉਤੇ ਦੁਪਹਿਰ ਤੋਂ ਧਰਨਾ ਦੇ ਕੇ ਖਰੜ-ਮੁਹਾਲੀ ਅਤੇ ਖਰੜ-ਲਾਂਡਰਾਂ ਰੋਡ ਉਤੇ ਜਾਣ ਵਾਲੇ ਟਰੈਫਿਕ ’ਤੇ ਮੁਕੰਮਲ ਰੋਕ ਲਗਾ ਦਿੱਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਦੱਸਿਆਂ ਕਿ ਉਹ ਪਿਛਲੇ ਬਹੁਤ ਸਾਲਾਂ ਤੋਂ ਕੰਟਰੈਕਟ ’ਤੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਉਨ੍ਹਾਂ ਨੂੰ ਸਿਰਫ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਉਨ੍ਹਾਂ ਧਮਕੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਨਵਨੀਤ ਕੁਮਾਰ ਸੂਬਾ ਜੁਆਇੰਟ ਸਕੱਤਰ ਸ਼ਾਮ ਲਾਲ ,ਮਨਜਿੰਦਰ ਸਿੰਘ, ਸੂਬਾ ਸਲਾਹਕਾਰ ਕਮੇਟੀ ਮੈਬਰ ਗੁਰਲਾਲ ਸਿੱਧੂ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਸਮੂਹ ਸਟੇਟ ਕਮੇਟੀ ਮੈਬਰ ਹਾਜ਼ਰ ਸਨ।