ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 17 ਅਗਸਤ
ਇਥੋਂ ਦੀ ਗਾਜ਼ੀਪੁਰ ਸੜਕ ਦੀ ਹਾਲਤ ਲੰਮੇ ਸਮੇ ਤੋਂ ਖਸਤਾ ਬਣੀ ਹੋਈ ਹੈ। ਸੜਕ ’ਚ ਵੱਡੇ ਟੋਏ ਹੋਣ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇੱਥੋਂ ਦੇ ਲੋਕ ਲੰਮੇ ਸਮੇਂ ਤੋਂ ਸੜਕ ਬਣਾਉਣ ਦੀ ਮੰਗ ਕਰ ਰਹੇ ਹਨ, ਪਰ ਨਗਰ ਕੌਂਸਲ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ।
ਜਾਣਕਾਰੀ ਮੁਤਾਬਕ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਤੋਂ ਪਿੰਡ ਗਾਜ਼ੀਪੁਰ ਨੂੰ ਜਾਣ ਵਾਲੇ ਸ਼ਹਿਰ ਦੀ ਇਕ ਅਹਿਮ ਸੜਕ ਹੈ। ਇਹ ਸੜਕ ਜ਼ੀਰਕਪੁਰ ਨੂੰ ਢਕੋਲੀ ਖੇਤਰ ਨਾਲ ਜੋੜਦੀ ਹੈ। ਸੜਕ ’ਤੇ ਹਰ ਸਮੇਂ ਭਾਰੀ ਆਵਾਜਾਈ ਰਹਿੰਦੀ ਹੈ। ਇਸ ਤੋਂ ਇਲਾਵਾ ਸੜਕ ਦੇ ਦੋਵੇਂ ਪਾਸੇ ਦਰਜਨਾਂ ਰਿਹਾਇਸ਼ੀ ਕਾਲੋਨੀਆਂ ਅਤੇ ਹਾਊਸਿੰਗ ਸੁਸਾਇਟੀਆਂ ਵਸੀਆਂ ਹੋਈਆਂ ਹਨ। ਇੱਥੇ ਰਹਿ ਰਹੇ ਲੋਕ ਸੜਕ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਖੱਜਲ ਹੁੰਦੇ ਹਨ। ਸੜਕ ’ਤੇ ਵਸੀ ‘ਟ੍ਰਿਬਿਊਨ’ ਕਾਲੋਨੀ ਦੇ ਵਸਨੀਕ ਦਿਲੀਪ ਸਿੰਘ, ਸੁਰਿੰਦਰ ਲਾਲ, ਤਰਸੇਮ ਸ਼ਰਮਾ, ਮਿਹਰ ਸਿੰਘ, ਧਰਮਿੰਦਰ ਠਾਕੁਰ ਸਣੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਸਾਹਮਣੇ ਸੜਕ ’ਚ ਵੱਡੇ ਟੋਏ ਹੋਣ ਕਾਰਨ ਰੋਜ਼ਾਨਾ ਕੋਈ ਨਾ ਕੋਈ ਵਾਹਨ ਹਾਦਸਾਗ੍ਰਸਤ ਹੋਇਆ ਰਹਿੰਦਾ ਹੈ। ਇਸ ਤੋਂ ਇਲਾਵਾ ਸੜਕ ਦੇ ਵਿਚਕਾਰ ਇੱਕ ਦਰਖ਼ਤ ਖੜ੍ਹਾ ਹੈ, ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਦਰੱਖਤ ਨੂੰ ਸੜਕ ਤੋਂ ਹਟਾਉਣ ਦੀ ਮੰਗ ਦੇ ਬਾਵਜੂਦ ਧਿਆਨ ਨਹੀਂ ਦਿੱਤਾ ਗਿਆ। ਹੁਣ ਇਹ ਦਰੱਖਤ ਤਾਂ ਡਿੱਗ ਗਿਆ ਹੈ, ਪਰ ਇਸਦੀ ਮੁੱਢ ਵੀ ਖੜ੍ਹਾ ਹੈ, ਜੋ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।
ਉਧਰ, ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਸ਼ਹਿਰ ਵਿੱਚ ਵੱਖ ਵੱਖ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਾਜ਼ੀਪੁਰ ਸੜਕ ਨੂੰ ਛੇਤੀ ਹੀ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ ਅਤੇ ਸੜਕ ਵਿਚਾਲੇ ਖੜ੍ਹੇ ਦਰੱਖਤ ਨੂੰ ਪੁੱਟਿਆ ਜਾਵੇਗਾ।