ਪੱਤਰ ਪ੍ਰੇਰਕ
ਖਰੜ, 7 ਸਤੰਬਰ
ਇੱਥੋਂ ਦੀ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਵਿੱਚ ਜਦੋਂ ਕਦੀ ਵੀ ਕੋਈ ਹੋਟਲ ਮਾਲਕ ਦੁਕਾਨਦਾਰ ਜਾਂ ਸ਼ਹਿਰੀ ਆਪਣੀ ਕਾਰ ਰਿਕਸ਼ਾ ਜਾਂ ਸਕੂਟਰ ਤੇ ਜਾਂਦਾ ਹੈ ਤਾਂ ਉਸਨੂੰ ਮੰਡੀ ਵਿੱਚ ਦਾਖ਼ਲ ਹੋਣ ਲਈ ਐਂਟਰੀ ਫ਼ੀਸ ਦੇਣੀ ਪੈਂਦੀ ਹੈ ਜੋ ਪਾਰਕਿੰਗ ਫ਼ੀਸ ਦੇ ਨਾਂ ’ਤੇ ਲਈ ਜਾਂਦੀ ਹੈ।
ਇਸ ਸਬੰਧੀ ਇੱਥੋਂ ਦੇ 50 ਦੇ ਕਰੀਬ ਵਸਨੀਕਾਂ ਅਰੁਨ ਕੁਮਾਰ, ਹਰਵਿੰਦਰ ਸਿੰਘ, ਸਰਬਜੀਤ ਕੌਰ, ਸੰਜੇ ਕੁਮਾਰ, ਸ਼ਿਵ ਕੁਮਾਰ, ਮਦਨ ਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸ਼ਿਕਾਇਤ ਭੇਜ ਕੇ ਕਿਹਾ ਹੈ ਕਿ ਚਾਹੇ ਜਿੰਨੀ ਮਰਜ਼ੀ ਵਾਰ ਵਿਅਕਤੀ ਮੰਡੀ ਵਿੱਚ ਦਾਖ਼ਲ ਹੋਵੇ, ਉਸਨੂੰ ਇਹ ਫ਼ੀਸ ਦੇਣੀ ਪੈਂਦੀ ਹੈ।
ਹੁਣ ਇਸ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਦੋਂ ਮਾਰਕੀਟ ਕਮੇਟੀ ਵੱਲੋਂ ਵੇਚੇ ਜਾਂਦੇ ਸਾਮਾਨ ਉੱਤੇ ਮਾਰਕੀਟ ਫੀਸ ਅਤੇ ਆਰ ਡੀ ਐੱਫ ਲਿਆ ਜਾਂਦਾ ਹੈ ਤਾਂ ਮੰਡੀ ਵਿੱਚ ਦਾਖ਼ਲ ਹੋਣ ਸਮੇਂ ਇਹ ਐਂਟਰੀ ਫ਼ੀਸ ਕਿਉਂ ਲਈ ਜਾਂਦੀ ਹੈ ਜਦਕਿ ਮਾਰਕੀਟ ਕਮੇਟੀ ਅੰਦਰ ਸਹੂਲਤਾਂ ਦੇ ਨਾਂ ’ਤੇ ਕੁਝ ਵੀ ਨਹੀਂ ਹੈ ਨਾ ਇੱਥੇ ਸੜਕਾਂ ਦੀ ਮੁਰੰਮਤ ਹੈ ਅਤੇ ਨਾ ਹੀ ਸਫਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਨਾਜਾਇਜ਼ ਐਂਟਰੀ ਫੀਸ ਨੂੰ ਤੁਰੰਤ ਹਟਾਇਆ ਜਾਵੇ। ਇਸ ਦੌਰਾਨ ਸ਼ਹਿਰ ਦੇ ਲੋਕਾਂ ਵੱਲੋਂ ਇਸ ਮਸਲੇ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਭਲਕੇ 8 ਸਤੰਬਰ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ ਹੈ।