ਪੱਤਰ ਪ੍ਰੇੇਰਕ
ਮੁਹਾਲੀ/ਰੂਪਨਗਰ 22 ਸਤੰਬਰ
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੇ ਸੱਦੇ ’ਤੇ ਬੁੱਧਵਾਰ ਨੂੰ ਡੀਸੀ ਦਫ਼ਤਰ, ਐਸਡੀਐੱਮ ਦਫ਼ਤਰ ਅਤੇ ਤਹਿਸੀਲਾਂ ਵਿੱਚ ਕੰਮ ਕਰਦੇ ਦਫ਼ਤਰੀ ਸਟਾਫ਼ ਵੱਲੋਂ ਦੋ ਰੋਜ਼ਾ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ। ਜ਼ਿਲ੍ਹਾ ਮੁਹਾਲੀ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਰਜਿਸਟ੍ਰੇਸ਼ਨ ਦਾ ਕੰਮ-ਕਾਜ ਬੰਦ ਰੱਖਿਆ ਗਿਆ, ਜਿਸ ਕਾਰਨ ਸ਼ਹਿਰ ਅਤੇ ਪਿੰਡਾਂ ’ਚੋਂ ਆਪਣੇ ਕੰਮਾਂ ਕਾਰਾਂ ਲਈ ਦਫ਼ਤਰਾਂ ਵਿੱਚ ਆਏ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੀਸੀ ਦਫ਼ਤਰ ਕਾਮਿਆਂ ਦੀਆਂ ਪ੍ਰਵਾਨਿਤ ਮੰਗਾਂ ਨੂੰ ਲਾਗੂ ਕਰਨ ਵਿੱਚ ਟਾਲ-ਮਟੋਲ ਕੀਤੀ ਜਾ ਰਹੀ ਹੈ, ਜਿਸ ਕਾਰਨ ਦਫ਼ਤਰੀ ਸਟਾਫ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਵੀਰਵਾਰ ਨੂੰ ਵੀ ਕਲਮਛੋੜ ਹੜਤਾਲ ਜਾਰੀ ਰਹੇਗੀ ਅਤੇ 24 ਸਤੰਬਰ ਨੂੰ ਸਾਰੇ ਦਫ਼ਤਰੀ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਮੁਹਾਲੀ ਵਿੱਚ ਸੂਬਾ ਪੱਧਰੀ ਰੈਲੀ ਤੇ ਰੋਸ ਮਾਰਚ ਕਰਨਗੇ। ਉਨ੍ਹਾਂ ਆਉਣ ਦਿਨਾਂ ਵਿੱਚ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਕੰਮਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ। ਇਸੇ ਦੌਰਾਨ ਅੱਜ ਜ਼ਿਲ੍ਹਾ ਰੂਪਨਗਰ ’ਚ ਸਮੂਹ ਡੀਸੀ ਦਫ਼ਤਰ, ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਅਤੇ ਸਮੂਹ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਵੱਲੋਂ ਵੀ ਹੜਤਾਲ ਕਰਕੇ ਦਫ਼ਤਰੀ ਕੰਮਕਾਜ ਬੰਦ ਰੱਖਿਆ ਗਿਆ।