ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਅਗਸਤ
ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ ਕਾਲਜਾਂ ਵਿਚ ਦੋ ਸਾਲਾਂ ਮਗਰੋਂ ਚੋਣਾਂ ਹੋਣਗੀਆਂ ਜਿਸ ਲਈ ਵਿਦਿਆਰਥੀ ਆਗੂਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਕਰੋਨਾ ਕਾਰਨ ਦੋ ਸਾਲ ਵਿਦਿਆਰਥੀ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਚੋਣਾਂ ਸਬੰਧੀ ਅੱਜ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਹਿਲ ਨੇ ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀ ਆਗੂਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਹ ਵੀ ਚਰਚਾ ਹੈ ਕਿ 23 ਸਤੰਬਰ ਨੂੰ ਵਿਦਿਆਰਥੀ ਚੋਣਾਂ ਹੋਣ ’ਤੇ ਸਹਿਮਤੀ ਬਣ ਗਈ ਸੀ ਪਰ ਕੁਝ ਵਿਦਿਆਰਥੀ ਆਗੂਆਂ ਦੇ ਇਤਰਾਜ਼ ਤੋਂ ਬਾਅਦ ਇਹ ਚੋਣਾਂ ਅਕਤੂਬਰ ਦੇ ਪਹਿਲੇ ਹਫਤੇ ਵੀ ਹੋ ਸਕਦੀਆਂ ਹਨ। ਚੋਣ ਦੀ ਤਰੀਕ ਦੇ ਐਲਾਨ ਬਾਰੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਚੋਣਾਂ 23 ਸਤੰਬਰ ਜਾਂ 7 ਅਕਤੂਬਰ ਵਿਚੋਂ ਕਿਸੇ ਇਕ ਦਿਨ ਹੋਣਗੀਆਂ ਪਰ ਇਸ ਲਈ ਪ੍ਰਸ਼ਾਸਕ ਤੋਂ ਪ੍ਰਵਾਨਗੀ ਲਈ ਜਾਵੇਗੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਯੂਟੀ ਦੇ ਪ੍ਰਾਈਵੇਟ ਕਾਲਜ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਪਹਿਲੀ ਸਤੰਬਰ ਤੋਂ ਖੁੱਲ੍ਹ ਰਹੇ ਹਨ ਜਦਕਿ ਦੂਜੇ ਤੇ ਤੀਜੇ ਸਾਲ ਦੇ ਵਿਦਿਆਰਥੀਆਂ ਦੀਆਂ ਜਮਾਤਾਂ ਸ਼ੁਰੂ ਹੋ ਚੁੱਕੀਆਂ ਹਨ। ਕਾਲਜਾਂ ਦੇ ਸੀਨੀਅਰ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈ ਕਾਲਜਾਂ ਦੇ ਵਿਦਿਆਰਥੀ ਆਗੂ ਤਾਂ ਇਸ ਸਬੰਧੀ ਯੋਜਨਾਵਾਂ ਵੀ ਬਣਾ ਰਹੇ ਹਨ। ਐਸਡੀ ਕਾਲਜ ਸੈਕਟਰ 32 ਵਿਚ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਨੂੰ ਪਾਰਟੀ ਨਾਲ ਜੋੜਨ ਲਈ ਡਿਊਟੀਆਂ ਵੀ ਲਾ ਦਿੱਤੀਆਂ ਹਨ।
ਐੱਸਐੱਸਪੀ ਵੱਲੋਂ ਵਿਦਿਆਰਥੀ ਆਗੂਆਂ ਨੂੰ ਹਦਾਇਤਾਂ
ਐਸਐਸਪੀ ਕੁਲਦੀਪ ਚਹਿਲ ਨੇ ਵਿਦਿਆਰਥੀਆਂ ਆਗੂਆਂ ਨਾਲ ਚੋਣ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੇ ਕਾਲਜਾਂ ਵਿਚ ਲਿੰਗਦੋਹ ਕਮਿਸ਼ਨ ਦੀ ਪਾਲਣਾ ਕੀਤੀ ਜਾਵੇ ਤੇ ਚੋਣਾਂ ਦੌਰਾਨ ਕਿਸੇ ਵੀ ਬਾਹਰਲੇ ਵਿਦਿਆਰਥੀਆਂ ਨੂੰ ਨਾ ਸੱਦਿਆ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਨਿਯਮਾਂ ਦਾ ਉਲੰਘਣ ਕਰਨ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਨਫਰਤੀ ਭਾਸ਼ਣ ਨਾ ਦੇਣ ਦੀ ਅਪੀਲ ਕੀਤੀ।
ਵਿਦਿਆਰਣੀ ਆਗੂਆਂ ਵੱਲੋਂ ਚੋਣਾਂ ਅੱਗੇ ਪਾਉਣ ਦੀ ਅਪੀਲ
ਵਿਦਿਆਰਥੀ ਆਗੂਆਂ ਨੇ ਐਸਐਸਪੀ ਦੇ ਧਿਆਨ ਵਿਚ ਲਿਆਂਦਾ ਕਿ ਕਾਲਜਾਂ ਵਿਚ ਹਾਲੇ ਦਾਖਲੇ ਚਲ ਰਹੇ ਹਨ ਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਜਮਾਤਾਂ ਸ਼ੁਰੂ ਨਹੀਂ ਹੋਈਆਂ ਜਿਸ ਕਾਰਨ ਇਹ ਚੋਣਾਂ ਸਤੰਬਰ ਦੀ ਥਾਂ ਅਕਤੂਬਰ ਵਿਚ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਵਧ ਸ਼ਮੂਲੀਅਤ ਲਈ ਜ਼ਰੂਰੀ ਹੈ ਕਿ ਚੋਣਾਂ ਸਤੰਬਰ ਵਿਚ ਨਾ ਹੋਣ।