ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਅਕਤੂਬਰ
ਮੁਹਾਲੀ ਨਗਰ ਨਿਗਮ ਵੱਲੋਂ ਸਥਾਨਕ ਲੋਕਾਂ ਦੀ ਸੁਵਿਧਾ ਲਈ ਸ਼ਹਿਰ ਵਿੱਚ ਸਾਈਕਲ ਟਰੈਕ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ 81 ਲੱਖ ਰੁਪਏ ਰੱਖੇ ਗਏ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਐਸਟੀਮੇਟ ਪਾਸ ਕਰਕੇ ਸਾਈਕਲ ਟਰੈਕ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਨੇ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ਅਤੇ ਸਨਅਤੀ ਏਰੀਆ ਦਾ ਦੌਰਾ ਕਰਕੇ ਪਹਿਲੇ ਪੜਾਅ ਵਿੱਚ ਬਣਾਏ ਜਾਣ ਵਾਲੇ ਸਾਈਕਲ ਟਰੈਕ ਸਬੰਧੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ।
ਸ੍ਰੀ ਜੀਤੀ ਸਿੱਧੂ ਨੇ ਕਿਹਾ ਕਿ ਇਸ ਸੜਕ ਉੱਤੇ ਵੱਡੀ ਗਿਣਤੀ ਵਿੱਚ ਫੈਕਟਰੀਆਂ ਵਿੱਚ ਕਰਮਚਾਰੀ ਆਉਂਦੇ ਜਾਂਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸਾਈਕਲਾਂ ’ਤੇ ਸਵਾਰ ਹੁੰਦੇ ਹਨ। ਮੌਜੂਦਾ ਸਮੇਂ ਵਿੱਚ ਇਸ ਸੜਕ ਉੱਤੇ ਟਰੈਫ਼ਿਕ ਬਹੁਤ ਜ਼ਿਆਦਾ ਵਧ ਚੁੱਕਾ ਹੈ। ਇੰਜ ਹੀ ਬਲੌਂਗੀ ਵਾਲੇ ਪਾਸਿਓਂ ਵੀ ਵੱਡੀ ਗਿਣਤੀ ਫੈਕਟਰੀ ਕਾਮੇ ਸਾਈਕਲਾਂ ’ਤੇ ਇਸ ਸੜਕ ਰਾਹੀਂ ਆਉਂਦੇ ਜਾਂਦੇ ਹਨ ਜਿਨ੍ਹਾਂ ਦੀ ਸੁਰੱਖਿਆ ਲਈ ਸਾਈਕਲ ਟਰੈਕ ਬਣਾਉਣਾ ਸਮੇਂ ਦੀ ਲੋੜ ਹੈ।
ਮੇਅਰ ਨੇ ਕਿਹਾ ਕਿ ਸਿਹਤ ਪੱਖੋਂ ਜਾਗਰੂਕ ਲੋਕ ਸਾਈਕਲਿੰਗ ਵੀ ਕਰਦੇ ਹਨ ਤਾਂ ਜੋ ਉਹ ਫਿੱਟ ਰਹਿ ਸਕਣ ਪਰ ਲਗਾਤਾਰ ਵਧ ਰਿਹਾ ਟਰੈਫ਼ਿਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਸਾਈਕਲਿੰਗ ਕਲੱਬ ਵੀ ਬਣੇ ਹੋਏ ਹਨ, ਜਿਨ੍ਹਾਂ ਦੀ ਸਾਈਕਲ ਟਰੈਕ ਬਣਾਉਣ ਦੀ ਪੁਰਜ਼ੋਰ ਮੰਗ ਰਹੀ ਹੈ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਪੜਾਅ ਮੁਕੰਮਲ ਹੋਣ ਅਤੇ ਚੰਗੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਾਈਕਲ ਟਰੈਕ ਬਣਾਏ ਜਾਣਗੇ।
ਫਿਲਹਾਲ ਸਨਅਤੀ ਖੇਤਰ ਫੇਜ਼-8ਬੀ ਤੋਂ ਮੁਹਾਲੀ ਪਿੰਡ ਤੱਕ ਬਣੇਗਾ ਟਰੈਕ
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਸਪੈਸ਼ਲ ਮਤਾ ਲਿਆ ਕੇ ਸਾਈਕਲ ਟਰੈਕ ਬਣਾਉਣ ਦਾ ਐਸਟੀਮੇਟ ਪਾਸ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ ਏਅਰਪੋਰਟ ਸੜਕ ਦੇ ਨਾਲ ਲਗਦੇ ਸਨਅਤੀ ਖੇਤਰ ਫੇਜ਼-8ਬੀ ਤੋਂ ਸਪਾਈਸ ਚੌਕ ਅਤੇ ਇਸ ਤੋਂ ਅੱਗੇ ਮੁਹਾਲੀ ਪਿੰਡ ਤੱਕ ਸਾਈਕਲ ਟਰੈਕ ਬਣਾਉਣ ਦੀ ਯੋਜਨਾ ਹੈ। ਇਸ ਕੰਮ ਉੱਤੇ 81 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਲਗਾਤਾਰ ਟਰੈਫ਼ਿਕ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਸੜਕ ਹਾਦਸਿਆਂ ਵਿੱਚ ਕਈ ਸਾਈਕਲ ਸਵਾਰਾਂ ਦੀ ਜਾਨ ਜਾ ਚੁੱਕੀ ਹੈ।