ਹਰਜੀਤ ਸਿੰਘ
ਜ਼ੀਰਕਪੁਰ, 10 ਜਨਵਰੀ
ਵਿਜੀਲੈਂਸ ਨੇ ਇੰਤਕਾਲ ਕਰਨ ਬਦਲੇ 12 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਇੱਥੋਂ ਦੇ ਲੋਹਗੜ੍ਹ ਖੇਤਰ ਦੇ ਪਟਵਾਰੀ ਦਾ ਨਿੱਜੀ ਕਰਿੰਦਾ ਕਾਬੂ ਕੀਤਾ ਹੈ ਜਦਕਿ ਪਟਵਾਰੀ ਫ਼ਰਾਰ ਹੋ ਗਿਆ। ਵਿਜੀਲੈਂਸ ਨੇ ਇਹ ਕਾਰਵਾਈ ਚੰਡੀਗੜ੍ਹ ਵਸਨੀਕ ਦੀ ਸ਼ਿਕਾਇਤ ’ਤੇ ਕੀਤੀ ਹੈ ਜਿਸ ਤੋਂ ਪਟਵਾਰੀ ਇੰਤਕਾਲ ਕਰਨ ਦੇ ਬਦਲੇ ਪੈਸੇ ਮੰਗ ਰਿਹਾ ਸੀ। ਪਟਵਾਰੀ ਰਵਿੰਦਰ ਸਿੰਘ ਅਤੇ ਉਸ ਦੇ ਕਰਿੰਦੇ ਸੋਨੂੰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਬਾਰੇ ਵਿਜੀਲੈਂਸ ਬਿਊਰੋ ਦੇ ਡੀ.ਐੱਸ.ਪੀ. ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਨਦੀਪ ਸਿੰਘ ਵਾਸੀ ਚੰਡੀਗੜ੍ਹ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦੇ ਪਿਤਾ ਦੀ ਲੰਘੇ ਦਿਨੀਂ ਮੌਤ ਹੋ ਗਈ ਸੀ। ਉਨ੍ਹਾਂ ਦਾ ਇਕ ਘਰ ਜ਼ੀਰਕਪੁਰ ਗ੍ਰੀਨ ਪਾਰਕ ਕੋਲ ਹੈ ਜਿਸ ਦਾ ਇੰਤਕਾਲ ਆਪਣੇ ਨਾਂਅ ਕਰਵਾਉਣ ਲਈ ਉਹ ਲੋਹਗੜ੍ਹ ਦੇ ਪਟਵਾਰੀ ਰਵਿੰਦਰ ਸਿੰਘ ਦੇ ਦਫਤਰ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਪਟਵਾਰੀ ਰਵਿੰਦਰ ਸਿੰਘ ਨੇ ਇੰਤਕਾਲ ਕਰਨ ਲਈ ਉਸ ਤੋਂ 15 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਸ ਦਾ 12 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਅੱਜ ਤੈਅ ਹੋਏ ਸੌਦੇ ਮੁਤਾਬਕ ਪਟਵਾਰੀ ਵੱਲੋਂ ਐਤਵਾਰ ਹੋਣ ਦੇ ਬਾਵਜੂਦ ਮੈਟਰੋ ਪਲਾਜ਼ਾ ਵਿੱਚ ਸਥਿਤ ਆਪਣੇ ਦਫਤਰ ਪੈਸੇ ਲੈਣ ਲਈ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਵੱਲੋਂ ਟਰੈਪ ਲਾਇਆ ਗਿਆ ਸੀ। ਪੈਸੇ ਲੈਣ ਲਈ ਪਟਵਾੀਰ ਆਪ ਤਾਂ ਨਹੀਂ ਆਇਆ ਪਰ ਉਸ ਦੇ ਦਫਤਰ ਵਿੱਚ ਰੱਖਿਆ ਨਿੱਜੀ ਕਰਿੰਦਾ ਸੋਨੂੰ ਪੈਸੇ ਲੈਣ ਲਈ ਉੱਥੇ ਮੌਜੂਦ ਸੀ ਜਿਸ ਨੂੰ 12 ਹਜ਼ਾਰ ਰੁਪਏ ਰੰਗੇ ਹੱਥੀ ਲੈਂਦੇ ਕਾਬੂ ਕੀਤਾ ਜਦਕਿ ਪਟਵਾਰੀ ਫ਼ਰਾਰ ਹੋ ਗਿਆ। ਵਿਜੀਲੈਂਸ ਵੱਲੋਂ ਫ਼ਰਾਰ ਪਟਵਾਰੀ ਰਵਿੰਦਰ ਸਿੰਘ ਅਤੇ ਉਸਦੇ ਨਿੱਜੀ ਕਰਿੰਦੇ ਸੋਨੂੰ ਖ਼ਿਲਾਫ਼ ਕੇਸ ਦਰਜ ਕਰ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਪਟਵਾਰੀ ਦੀ ਭਾਲ ਸ਼ੁਰੂ ਕਰ ਦਿੱਤੀ।