ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 10 ਸਤੰਬਰ
ਇੱਥੋਂ ਦੇ ਗਰੇਸ਼ੀਅਨ ਹਸਪਤਾਲ ਸੈਕਟਰ-69 ਵਿੱਚ ਦਾਖ਼ਲ ਮਰੀਜ਼ ਦੇ ਰਿਸ਼ਤੇਦਾਰਾਂ ਅਤੇ ਹਸਪਤਾਲ ਦੇ ਸਟਾਫ਼ ਵਿੱਚ ਪੈਸਿਆਂ ਦੀ ਅਦਾਇਗੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਪੀੜਤ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਬਹਿਸ ਹੱਥੋਪਾਈ ਤੱਕ ਪਹੁੰਚ ਗਈ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਹੱਲ ਕਰਵਾਇਆ ਗਿਆ। ਮ੍ਰਿਤਕ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ 7 ਸਤੰਬਰ ਨੂੰ ਆਪਣੇ ਭਰਾ ਨੂੰ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਆਏ ਸੀ। ਪੀੜਤ ਪਰਿਵਾਰ ਦੇ ਦੱਸਣ ਅਨੁਸਾਰ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਕਿਹਾ ਕਿ ਛੁੱਟੀ ਕਰਨ ਲਈ 5-6 ਘੰਟੇ ਲੱਗਣਗੇ ਅਤੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਹਸਪਤਾਲ ’ਚੋਂ ਫੋਨ ਆਇਆ ਕਿ ਮਰੀਜ਼ ਦੀ ਡਾਇਲਾਇਸਿਸ ਦੌਰਾਨ ਮੌਤ ਹੋ ਗਈ ਹੈ ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਸਵੇਰੇ ਸਰਕਾਰੀ ਹਸਪਤਾਲ ਫੇਜ਼-6 ਤੋਂ ਮ੍ਰਿਤਕ ਦੇਹ ਲਿਜਾ ਸਕਦੇ ਹਨ। ਅੱਜ ਜਦੋਂ ਉਹ ਸਵੇਰੇ ਸਰਕਾਰੀ ਹਸਪਤਾਲ ਪਹੁੰਚੇ ਤਾਂ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਥੇ ਕੋਈ ਮ੍ਰਿਤਕ ਦੇਹ ਨਹੀਂ ਆਈ ਹੈ। ਇਸ ਮਗਰੋਂ ਉਹ ਵਾਪਸ ਗਰੇਸ਼ੀਅਨ ਹਸਪਤਾਲ ਆ ਗਏ ਅਤੇ ਲਾਸ਼ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਨੂੰ ਲਾਸ਼ ਲਿਜਾਉਣ ਲਈ ਇੱਕ ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਉਧਰ, ਹਸਪਤਾਲ ਦੇ ਮੁੱਖ ਪ੍ਰਸ਼ਾਸਕੀ ਅਫ਼ਸਰ ਕਰਨਲ ਖੰਨਾ ਨੇ ਕਿਹਾ ਕਿ ਮਰੀਜ਼ ਦੀ ਮੌਤ ਸਬੰਧੀ ਵਿਵਾਦ ਵਾਲੀ ਕੋਈ ਗੱਲ ਨਹੀਂ ਹੈ ਅਤੇ ਮਰੀਜ਼ ਦਾ ਹਸਪਤਾਲ ਵਿੱਚ ਚੰਗੀ ਤਰ੍ਹਾਂ ਇਲਾਜ ਕੀਤਾ ਗਿਆ ਸੀ, ਪਰ ਕਰੋਨਾ ਕਾਰਨ ਉਸ ਦੀ ਮੌਤ ਹੋ ਗਈ। ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।