ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਜੁਲਾਈ
ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ’ਚ ਜ਼ੇਰੇ ਇਲਾਜ 46 ਸਾਲਾ ਮਰੀਜ਼ ਨੇ ਹਸਪਤਾਲ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਰਮੇਸ਼ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਤੇ ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਪੇਪਰ ਮਿੱਲ ’ਚ ਕੰਮ ਕਰਦਾ ਸੀ। ਮ੍ਰਿਤਕ ਐੱਚਆਈਵੀ ਸਮੇਤ ਹੋਰ ਬਿਮਾਰੀਆਂ ਤੋਂ ਪੀੜਤ ਸੀ ਤੇ ਇਥੇ ਹਸਤਪਾਲ ’ਚ ਲੰਘੀ 24 ਜੁਲਾਈ ਤੋਂ ਇਲਾਜ ਲਈ ਭਰਤੀ ਸੀ। ਮਰੀਜ਼ ਨੇ ਡਿਪਰੈਸ਼ਨ ’ਚ ਆ ਕੇ ਆਤਮਹੱਤਿਆ ਕਰਨ ਦਾ ਕਦਮ ਚੁੱਕਿਆ। ਅੱਜ ਸ਼ੁੱਕਰਵਾਰ ਦੁਪਹਿਰੇ ਚੰਡੀਗੜ੍ਹ ਪੁਲੀਸ ਦੇ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਸੈਕਟਰ-32 ਸਥਿਤ ਜੀਐੱਮਸੀਐਚ ਦੀ ਛੇਵੀਂ ਮੰਜ਼ਿਲ ਤੋਂ ਮਰੀਜ਼ ਨੇ ਛਾਲ ਮਾਰ ਦਿੱਤੀ ਹੈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਮਰੀਜ਼ ਨੂੰ ਹਸਪਤਾਲ ਦੀ ਐਮਰਜੈਂਸੀ ’ਚ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਇੱਕ ਪੇਪਰ ਮਿਲ ’ਚ ਕੰਮ ਕਰਦਾ ਸੀ। ਉਹ ਐਚਆਈਵੀ ਸਮੇਤ ਕਈ ਹੋਰ ਬਿਮਾਰੀਆਂ ਤੋਂ ਪੀੜਤ ਸੀ ਤੇ ਇਲਾਜ ਲਈ ਇਥੇ ਭਰਤੀ ਸੀ। ਉਹ ਹਸਪਤਾਲ ਦੇ ‘ਸੀ’ ਬਲਾਕ ਦੀ ਛੇਵੀਂ ਮੰਜ਼ਿਲ ਸਥਿਤ ਵਾਰਡ ਨੰ. 61 ’ਚ ਭਰਤੀ ਸੀ। ਮਰੀਜ਼ ਦੀ ਦੇਖਭਾਲ ਲਈ ਉਸਦੀ ਪਤਨੀ ਸਮੇਤ 12 ਸਾਲ ਦਾ ਬੇਟਾ ਵੀ ਸੀ। ਅੱਜ ਦੁਪਹਿਰ ਵੇਲੇ ਉਹ ਆਪਣੇ ਬੇਟੇ ਤੇ ਪਤਨੀ ਤੋਂ ਅੱਖ ਬਚਾ ਕੇ ਬਾਲਕਨੀ ’ਚ ਆ ਗਿਆ ਤੇ ਉਥੋਂ ਛਾਲ ਮਾਰ ਦਿੱਤੀ। ਜਿਵੇਂ ਹੀ ਮਰੀਜ਼ ਹੇਠਾਂ ਡਿੱਗਿਆ, ਉਸਨੂੰ ਵੇਖਕੇ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ ਤੇ ਦਹਿਸ਼ਤ ਪੈਦਾ ਹੋ ਗਈ। ਉਥੇ ਮਰੀਜ਼ ਦੇ ਡਿੱਗਣ ਨਾਲ ਆਸੇ ਪਾਸੇ ਫੈਲੇ ਖੂਨ ਨੂੰ ਦੇਖਕੇ ਲੋਕਾਂ ’ਚ ਹਫੜਾ ਦਫ਼ੜੀ ਮੱਚ ਗਈ। ਹੇਠਾਂ ਡਿਗੇ ਮਰੀਜ਼ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਲੋਕਾਂ ਦੀਆਂ ਚੀਕਾਂ ਸੁਣ ਕੇ ਹਸਪਤਾਲ ਦੇ ਸੁਰੱਖਿਆ ਕਰਮੀ ਭੱਜੇ ਆਏ ਤੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਪੁਲੀਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੁਲੀਸ ਨੇ ਦੇਹ ਨੂੰ ਕਬਜ਼ੇ ’ਚ ਲੈ ਕੇ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।