ਹਰਜੀਤ ਸਿੰਘ
ਜ਼ੀਰਕਪੁਰ, 14 ਦਸੰਬਰ
ਟਰੱਕ ਯੂਨੀਅਨਾਂ ਦੀ ਬਹਾਲੀ ਨੂੰ ਲੈ ਕੇ ਨੌਂ ਦਿਨਾਂ ਤੋਂ ਧਰਨਾ ਦੇ ਰਹੇ ਟਰੱਕ ਅਪਰੇਟਰਾਂ ਨੇ ਅੱਜ ਪਿੰਡ ਛੱਤ ਨੇੜੇ ਟਰੈਫਿਕ ਲਾਈਟਾਂ ’ਤੇ ਇੱਕ ਘੰਟਾ ਜਾਮ ਲਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦੁਪਹਿਰ ਬਾਅਦ ਚਾਰ ਤੋਂ ਪੰਜ ਤੱਕ ਲਗਾਏ ਗਏ ਜਾਮ ਕਾਰਨ ਜ਼ੀਰਕਪੁਰ-ਪਟਿਆਲਾ ਸੜਕ ਅਤੇ 200 ਫੁਟੀ ਐਰੋ ਸਿਟੀ ਸੜਕ ’ਤੇ ਵਾਹਨਾਂ ਦੀ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਖ਼ੱਜਲ ਹੋ ਰਹੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਪੁਲੀਸ ਵੱਲੋਂ ਕੋਈ ਅਗਾਊਂ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਸਿੱਟੇ ਵਜੋਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।
ਦੂਜੇ ਪਾਸੇ ਪ੍ਰਦਰਸ਼ਨ ਕਰ ਰਹੇ ਅਪਰੇਟਰਾਂ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਨੇ ਵਾਅਦੇ ਦੇ ਬਾਵਜੂਦ ਦੀ ਮੰਗਾਂ ਨੂੰ ਲਾਗੂ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀ ਹੋਣ ਤੱਕ ਉਹ ਰੋਜ਼ਾਨਾ ਛੱਤ ਦੀਆਂ ਲਾਈਟਾਂ ’ਤੇ ਇੱਕ ਘੰਟਾ ਜਾਮ ਲਾ ਕੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕਰਨਗੇ। ਉਨ੍ਹਾਂ ਕਿਹਾ ਕਿ ਨੌਂ ਦਿਨਾਂ ਤੋਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਮੰਤਰੀਆਂ ਦੇ ਘਿਰਾਓ ਦੀ ਵੀ ਚਿਤਾਵਨੀ ਦਿੱਤੀ।
ਬਲਵੰਤ ਰਾਮੂਵਾਲੀਆ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ
ਸਾਬਕਾ ਰਾਜ ਸਭਾ ਮੈਂਬਰ ਅਤੇ ਪੰਜਾਬ ਲੋਕ ਭਲਾਈ ਮਿਸ਼ਨ ਪਾਰਟੀ ਦੇ ਸੰਸਥਾਪਕ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਟਰੱਕ ਅਪਰੇਟਰਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਅਤੇ ਟਰੱਕ ਯੂਨੀਅਨਾਂ ਦੀ ਬਹਾਲੀ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ। ਸ੍ਰੀ ਰਾਮੂਵਾਲੀਆ ਨੇ ਟਰੱਕ ਯੂਨੀਅਨਾਂ ਨੂੰ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਕਾਂਗਰਸ ਪਾਰਟੀ ਨੇ ਸੱਤ ਵਿੱਚ ਆਉਂਦੇ ਹੀ ਸਭ ਤੋਂ ਪਹਿਲਾਂ ਦੇਸ਼ ਵਿੱਚ ਸਭ ਤੋਂ ਮਜ਼ਬੂਤ ਪੰਜਾਬ ਦੀ ਗੁਡਜ਼ ਟਰਾਂਸਪੋਰਟ ਨੂੰ ਨਿਸ਼ਾਨਾ ਬਣਾਉਂਦਿਆ ਇਸ ਨੂੰ ਖ਼ਤਮ ਕਰ ਦਿੱਤਾ। ਯੂਨੀਅਨਾਂ ਖ਼ਤਮ ਹੋਣ ਨਾਲ ਟਰੱਕਾਂ ਮਾਲਕਾਂ ਵਿੱਤੀ ਘਾਟਾ ਪੈ ਰਿਹਾ ਹੈ।