ਪੱਤਰ ਪ੍ਰੇਰਕ
ਬਨੂੜ, 20 ਅਕਤੂਬਰ
ਬਨੂੜ ਤੋਂ ਤੇਪਲਾ (ਅੰਬਾਲਾ) ਅਤੇ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਦੇ ਦੋਵੇਂ ਪਾਸੇ ਉੱਗੀਆਂ ਪਹਾੜੀ ਕਿੱਕਰਾਂ ਰਾਹਗੀਰਾਂ ਲਈ ਪਹਾੜ ਬਣੀਆਂ ਹੋਈਆਂ ਹਨ। ਕਿੱਕਰਾਂ ਦੀਆਂ ਕੰਡਿਆਂ ਨਾਲ ਭਰੀਆਂ ਟਾਹਣੀਆਂ ਨੇ ਸੜਕ ਦੇ ਦੋਵੇਂ ਪਾਸੇ ਤਿੰਨ ਤੋਂ ਪੰਜ ਫੁੱਟ ਤੱਕ ਕਬਜ਼ਾ ਕੀਤਾ ਹੋਇਆ ਹੈ। ਰਾਤ ਦੇ ਹਨੇਰੇ ਵਿੱਚ ਕਿੱਕਰਾਂ ਦੀਆਂ ਟਾਹਣੀਆਂ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਵੱਜਣ ਕਾਰਨ ਵਾਹਨ ਬੇਕਾਬੂ ਹੋ ਜਾਂਦੇ ਹਨ ਤੇ ਕਈਂ ਹਾਦਸੇ ਵਾਪਰ ਚੁੱਕੇ ਹਨ। ਇਸ ਖੇਤਰ ਦੇ ਵਸਨੀਕਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਜੰਗਲਾਤ ਵਿਭਾਗ ਸੜਕ ਉੱਤੇ ਲੋਕਾਂ ਦਾ ਜਾਨ ਦਾ ਖੌਅ ਬਣ ਰਹੀਆਂ ਇਨ੍ਹਾਂ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਨੂੰ ਕੱਟਣ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਪਿੰਡਾਂ ਦੇ ਵਸਨੀਕ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਵੀ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਵਸਨੀਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਤੁਰੰਤ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਸੜਕ ਉੱਤੇ ਜਾਮ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।