ਕਰਮਜੀਤ ਸਿੰਘ ਚਿੱਲਾ
ਬਨੂੜ, 22 ਅਕਤੂਬਰ
ਜ਼ੀਰਕਪੁਰ-ਰਾਜਪੁਰਾ-ਪਟਿਆਲਾ ਕੌਮੀ ਮਾਰਗ ਉੱਤੇ ਬਨੂੜ ਸ਼ਹਿਰ ਵਿੱਚ ਬਣੇ ਹੋਏ ਓਵਰਬਰਿੱਜ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਹਨੇਰਾ ਛਾਇਆ ਹੋਣ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਇੱਕ ਕਿਲੋਮੀਟਰ ਦੀ ਲੰਬਾਈ ਵਾਲੇ ਇਸ ਓਵਰਬਰਿੱਜ ਉੱਤੇ ਲਗਾਈਆਂ ਸਮੁੱਚੀਆਂ ਲਾਈਟਾਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ ਤੇ ਵਿਭਾਗ ਨੇ ਦੀਵਾਲੀ ਮੌਕੇ ਵੀ ਇਨ੍ਹਾਂ ਨੂੰ ਠੀਕ ਕਰਾਉਣ ਦੀ ਲੋੜ ਨਹੀਂ ਸਮਝੀ। ਇੱਥੋਂ ਵੱਡੀ ਗਿਣਤੀ ਵਿੱਚ ਵਾਹਨ ਲੰਘਦੇ ਹਨ ਅਤੇ ਹਨੇਰੇ ਕਾਰਨ ਓਵਰ ਬਰਿੱਜ ਉੱਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਸ਼ਹਿਰ ਵਾਸੀ ਗੁਰਵਿੰਦਰ ਸਿੰਘ ਮੌਲਾ, ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ ਨੇ ਦੱਸਿਆ ਕਿ ਕੌਮੀ ਮਾਰਗ ਦੇ ਅਧਿਕਾਰੀਆਂ ਦੇ ਬੰਦ ਪਈਆਂ ਲਾਈਟਾਂ ਦਾ ਮਾਮਲਾ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਕੌਮੀ ਮਾਰਗ ਉੱਤੇ ਕਈਂ ਚੌਰਾਹਿਆਂ ਉੱਤੇ ਲਗਾਈਆਂ ਲਾਈਟਾਂ ਵੀ ਬੰਦ ਪਈਆਂ ਹਨ। ਉਨ੍ਹਾਂ ਦੱਸਿਆ ਕਿ ਕੌਮੀ ਮਾਰਗ ਦੇ ਵਿਚਕਾਰ ਡਿਵਾਈਡਰ ਉੱਤੇ ਸਫ਼ਾਈ ਨਾ ਹੋਣ ਕਾਰਨ ਬਹੁਤ ਸਾਰਾ ਘਾਹ ਫੂਸ ਉੱਗ ਆਇਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਹਦੂਦ ਵਿੱਚ ਓਵਰ ਬਰਿੱਜ ਦੇ ਹੇਠਲੀ ਸੜਕ ਉੱਤੇ ਬਹੁਤ ਜ਼ਿਆਦਾ ਮਿੱਟੀ ਹੈ, ਜਿਸ ਕਾਰਨ ਨੇੜਲੇ ਦੁਕਾਨਦਾਰ ਤੇ ਵਸਨੀਕ ਵਾਹਨਾਂ ਦੀ ਧੂੜ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈਂ ਥਾਵਾਂ ਉੱਤੇ ਕੌਮੀ ਮਾਰਗ ਵਿੱਚ ਖੱਡੇ ਪੈ ਗਏ ਹਨ, ਜਿਨ੍ਹਾਂ ਦੀ ਮੁਰੰਮਤ ਨਹੀਂ ਹੋ ਰਹੀ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਸਾਰੇ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਕੌਮੀ ਮਾਰਗ ਦੀ ਸਾਰ ਲੈਣ ਅਤੇ ਓਵਰ ਬਰਿੱਜ ਦੀਆਂ ਬੰਦ ਪਈਆਂ ਲਾਈਟਾਂ ਠੀਕ ਕਰਾਉਣ ਦੀ ਮੰਗ ਕੀਤੀ।