ਹਰਜੀਤ ਸਿੰਘ
ਜ਼ੀਰਕਪੁਰ, 26 ਸਤੰਬਰ
ਸ਼ਹਿਰ ਵਿੱਚ ਲੰਘੇ ਦਿਨਾਂ ਤੋਂ ਲਾਤਾਰ ਪਏ ਭਰਵਾਂ ਮੀਂਹ ਰੁਕਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੀਂਹ ਆਪਣੇ ਪਿੱਛੇ ਵੱਡੀਆਂ ਪ੍ਰੇਸ਼ਾਨੀਆਂ ਛੱਡ ਗਿਆ ਹੈ। ਮੀਂਹ ਕਾਰਨ ਸ਼ਹਿਰ ’ਚ ਥਾਂ ਥਾਂ ਹੋਏ ਜਲਭਰਾਵ ਕਾਰਨ ਲੋਕਾਂ ਨੂੰ ਅੱਜ ਵੀ ਸਾਰਾ ਦਿਨ ਭਾਰੀ ਪ੍ਰੇਸ਼ਾਨੀ ਝਲਣੀ ਪਈ। ਮੀਂਹ ਨਾਲ ਜਿਥੇ ਸ਼ਹਿਰ ਦੀਆਂ ਸੜਕਾਂ ’ਤੇ ਚਿੱਕੜ ਪੈਦਾ ਹੋ ਗਿਆ। ਉਥੇ ਗਾਜ਼ੀਪੁਰ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਰਾਹਗੀਰਾਂ ਦਾ ਲੰਘਣਾ ਔਖਾ ਹੋ ਗਿਆ। ਜਦੋਂਕਿ ਇਹ ਅੰਡਰਪਾਸ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਨੂੰ ਪੁਰਾਣੀ ਕਾਲਕਾ ਸੜਕ ਨੂੰ ਜੋੜਨ ਲਈ ਅਹਿਮ ਲਿੰਕ ਹੈ। ਇਸ ਵੇਲੇ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਮੈਕ ਡੌਨਲਡ ਤੇ ਸਿੰਘਪੁਰਾ ਚੌਂਕਾਂ ’ਤੇ ਦੋ ਫਲਾਈਓਵਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਸੜਕ ’ਤੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਵਾਹਨ ਚਾਲਕਾਂ ਨੂੰ ਪੰਜ ਮਿੰਟ ਦਾ ਸਫਰ ਤੈਅ ਕਰਨ ਨੂੰ ਘੰਟਿਆਂਬੱਧੀ ਖੱਜਲ੍ਹ ਹੋਣਾ ਪੈਂਦਾ ਹੈ। ਵਾਹਨ ਚਾਲਕ ਜਾਮ ਤੋਂ ਬਚਣ ਲਈ ਪਿੰਡ ਗਾਜ਼ੀਪੁਰ ਰੇਲਵੇ ਲਾਈਨ ਦੇ ਹੇਠਾਂ ਬਣੇ ਰੇਵਲੇ ਅੰਡਰਪਾਸ ਤੋਂ ਲੰਘ ਕੇ ਪਿੰਡ ਗਾਜ਼ੀਪੁਰ ਤੋਂ ਹੋ ਕੇ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਆਉਣ ਜਾਣ ਲਈ ਵਰਤਦੇ ਹਨ। ਇਸ ਅੰਡਰਪਾਸ ’ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਇਥੇ ਹਰ ਮੀਂਹ ਦੌਰਾਨ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਅੰਡਰਪਾਸ ਦੀ ਹਾਲਤ ਕਾਫੀ ਖਸਤਾ ਹੈ। ਇਹ ਕਾਫੀ ਪੁਰਾਣਾ ਹੋਣ ਕਾਰਨ ਇਥੇ ਸੜਕ ਵੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਇਸਦੇ ਹੇਠਾਂ ਕਾਫੀ ਵੱਡੇ ਵੱਡੇ ਟੋਏ ਪੈ ਗਏ ਹਨ। ਇਨ੍ਹਾਂ ਖੱਡਿਆਂ ਵਿੱਚ ਪਾਣੀ ਭਰਨ ਕਾਰਨ ਇਥੋਂ ਵਾਹਨਾਂ ਨੂੰ ਨਿਕਲਣ ਵਿੱਚ ਭਾਰੀ ਦਿੱਕਤ ਆਉਂਦੀ ਹੈ। ਇਸ ਤੋਂ ਇਲਾਵਾ ਲੰਘੇ ਦਿਨੀਂ ਮੀਂਹ ਨਾਲ ਇਥੇ ਕਾਫੀ ਪਾਣੀ ਭਰ ਗਿਆ ਜਿਸ ਵਿੱਚੋਂ ਨਿਕਲਣ ਦੌਰਾਨ ਕਈਂ ਵਾਹਨ ਇਥੇ ਬੁਰੀ ਤਰ੍ਹਾਂ ਫਸ ਗਏ। ਮੀਂਹ ਰੁਕਣ ਮਗਰੋਂ ਅੱਜ ਵੀ ਇਥੋਂ ਪਾਣੀ ਨਿਕਾਸ ਨਹੀਂ ਹੋਇਆ ਤੇ ਲੋਕਾਂ ਨੂੰ ਭਾਰੀ ਮੁਸ਼ਕਲ ਝੱਲਣੀ ਪਈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੋਂ ਇਸ ਅੰਡਰਪਾਸ ’ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਤੋਂ ਇਲਾਵਾ ਇਸਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਭਰੋਸਾ ਦਿੱਤਾ ਕਿ ਰੇਲਵੇ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਇਸ ਅੰਡਰਪਾਸ ਦੀ ਹਾਲਤ ਸੁਧਾਰੀ ਜਾਏਗੀ ਤੇ ਇਥੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣਗੇ।
ਖਸਤਾ ਹਾਲ ਸੜਕ ਵਿੱਚ ਸਕੂਲ ਵੈਨ ਫਸੀ
ਡੇਰਾਬੱਸੀ (ਨਿਜੀ ਪੱਤਰ ਪ੍ਰੇਰਕ) ਇਥੋਂ ਦੀ ਖਸਤਾ ਹਾਲ ਬਰਵਾਲਾ ਰੋਡ ’ਤੇ ਅੱਜ ਇਕ ਸਕੂਲ ਵੈਲ ਚਿੱਕੜ ਵਿੱਚ ਫੱਸ ਗਈ। ਵੈਨ ਵਿੱਚ ਤਿੰਨ ਸਕੂਲੀ ਬੱਚੇ ਸਵਾਰ ਸੀ ਜੋ ਕਾਫੀ ਘਬਰਾ ਗਏ ਸੀ। ਮੁਸ਼ਕਲ ਨਾਲ ਵੈਨ ਨੂੰ ਬਾਹਰ ਕੱਢਿਆ ਜਿਸ ਮਗਰੋਂ ਬੱਚਿਆਂ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਬਰਵਾਲਾ ਰੋਡ ਦੀ ਹਾਲਤ ਲੰਮੇ ਸਮੇਂ ਤੋਂ ਖਸਤਾ ਹੋਈ ਪਈ ਹੈ। ਸੜਕ ’ਤੇ ਕਾਫੀ ਵੱਡੇ ਵੱਡੇ ਟੋਏ ਪੈ ਗਏ ਹਨ। ਮੀਂਹ ਨੇ ਸੜਕ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਖੱਡਿਆਂ ਵਿੱਚ ਪਾਣੀ ਭਰਨ ਕਾਰਨ ਸੜਕ ਨੇ ਖਤਰਨਾਕ ਰੂਪ ਅਖ਼ਤਿਆਰ ਕਰ ਲਿਆ ਹੈ। ਅੱਜ ਮੀਂਹ ਰੁਕਣ ਮਗਰੋਂ ਵੀ ਅੱਜ ਸੜਕ ’ਤੇ ਚਿੱਕੜ ਪੈਦਾ ਹੋ ਗਿਆ ਜੋ ਹਾਦਸਿਆਂ ਦਾ ਸੱਦਾ ਦੇ ਰਿਹਾ ਸੀ। ਅੱਜ ਦੁਪਹਿਰ ਇਕ ਨਿੱਜੀ ਸਕੂਲ ਦੀ ਵੈਨ ਤਿੰਨ ਬੱਚਿਆਂ ਨੂੰ ਲੈ ਕੇ ਡੇਰਾਬੱਸੀ ਵਲ ਆ ਰਹੀ ਸੀ। ਇਸ ਦੌਰਾਨ ਸੜਕ ’ਤੇ ਪੈਦਾ ਹੋਏ ਚਿੱਕੜ ਵਿੱਚ ਵੈਨ ਫੱਸ ਗਈ। ਚਾਲਕ ਵੱਲੋਂ ਵੈਨ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋਇਆ। ਇਸ ਮਗਰੋਂ ਰਾਹਗੀਰਾਂ ਦੀ ਮਦਦ ਨਾਲ ਵੈਨ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇਸ ਸੜਕ ਦੀ ਹਾਲਤ ਸੁਧਾਰਨ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਲਗਾਤਾਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਲੰਘੇ ਕੱਲ੍ਹ ਵਰ੍ਹਦੇ ਮੀਂਹ ਵਿੱਚ ਸ਼ਹਿਰ ਵਾਸੀਆਂ ਨੇ ਮੁਜ਼ਾਹਰਾ ਕੀਤਾ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੌਕੇ ’ਤੇ ਪਹੁੰਚ ਕੇ ਮੁਜ਼ਹਰਾਕਾਰੀਆਂ ਨੂੰ ਛੇਤੀ ਸੜਕ ਦੀ ਮੁਰੰਮਤ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ ਸੀ।