ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜਨਵਰੀ
ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਸੈਸ਼ਨ 2021-22 ਲਈ ਐਂਟਰੀ ਲੈਵਲ ਜਮਾਤਾਂ ਦੀਆਂ ਸੀਟਾਂ ਆਮ ਵਰਗ ਲਈ ਸੀਮਤ ਹੋਣ ਕਾਰਨ ਮਾਪੇ ਫਿਕਰਮੰਦ ਹਨ। ਇਸ ਮੌਕੇ ਪੰਜ ਮੋਹਰੀ ਸਕੂਲਾਂ ਦੇ ਡਰਾਅ ਹੋ ਚੁੱਕੇ ਹਨ ਤੇ ਬਾਕੀਆਂ ਦੇ ਆਉਣ ਵਾਲੇ ਦਿਨਾਂ ਵਿੱਚ ਡਰਾਅ ਕੱਢੇ ਜਾਣਗੇ। ਇਸ ਤੋਂ ਇਲਾਵਾ ਕਾਨਵੈਂਟ ਸਕੂਲਾਂ ਵੱਲੋਂ ਜ਼ਿਆਦਾਤਰ ਸੀਟਾਂ ਮੈਨੇਜਮੈਂਟ ਕੋਟਾ, ਕ੍ਰਿਸਚੀਅਨ ਕੋਟਾ ਤੇ ਹੋਰਾਂ ਲਈ ਰੱਖਣ ਕਾਰਨ ਆਮ ਵਰਗ ਦੇ ਵਿਦਿਆਰਥੀਆਂ ਦਾ ਡਰਾਅ ਵਿੱਚ ਨੰਬਰ ਹੀ ਨਹੀਂ ਆਇਆ। ਅੱਜ ਸ਼ਹਿਰ ਦੇ ਮੋਹਰੀ ਸਕੂਲ ਭਵਨ ਵਿਦਿਆਲਾ ਸਕੂਲ ਸੈਕਟਰ 33 ਵਿੱਚ ਐਂਟਰੀ ਲੈਵਲ ਜਮਾਤਾਂ ਲਈ ਡਰਾਅ ਕੱਢਿਆ ਗਿਆ। ਕਰੋਨਾ ਕਾਰਨ ਸਿਰਫ 20 ਮਾਪਿਆਂ ਨੂੰ ਹੀ ਡਰਾਅ ਦੇਖਣ ਲਈ ਸਕੂਲ ਸੱਦਿਆ ਗਿਆ ਤੇ ਬਾਕੀ ਮਾਪਿਆਂ ਲਈ ਡਰਾਅ ਸਿੱਧਾ ਪ੍ਰਦਰਸ਼ਿਤ ਕੀਤਾ ਗਿਆ।
ਚਾਰ ਕਾਨਵੈਂਟ ਸਕੂਲਾਂ ਕਾਰਮਲ ਕਾਨਵੈਂਟ ਸੈਕਟਰ 9, ਸੇਂਟ ਜੋਹਨਜ਼ ਸੈਕਟਰ 26, ਸੇਕਰਡ ਹਾਰਟ ਸੈਕਟਰ 26 ਤੇ ਸੇਂਟ ਐਨੀਜ਼ ਸੈਕਟਰ 32 ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਨੂੰ ਘੱਟ ਗਿਣਤੀ ਦਰਜਾ ਹਾਸਲ ਹੈ ਤੇ ਇਹ ਸਕੂਲ ਕ੍ਰਿਸਚੀਅਨ ਬੱਚਿਆਂ ਦੇ ਦਾਖਲੇ ਨੂੰ ਯਕੀਨੀ ਬਣਾਉਂਦੇ ਹਨ। ਇਨ੍ਹਾਂ ਦਾ ਮੈਨੇਜਮੈਂਟ ਕੋਟਾ, ਭੈਣ ਭਰਾਵਾਂ ਨੂੰ ਤਰਜੀਹ ਤੇ ਸਟਾਫ ਦਾ ਵੱਖਰਾ ਕੋਟਾ ਹੈ ਜਿਸ ਕਾਰਨ ਆਮ ਵਰਗ ਦੇ ਬੱਚਿਆਂ ਦਾ ਡਰਾਅ ਵਿੱਚ ਵੀ ਨੰਬਰ ਨਹੀਂ ਆ ਰਿਹਾ।
ਆਮ ਵਰਗ ਲਈ ਸੌ ਵਿੱਚੋਂ ਸਿਰਫ 39 ਸੀਟਾਂ
ਭਵਨ ਵਿਦਿਆਲਿਆ ਵਿੱਚ ਐਂਟਰੀ ਲੈਵਲ ਜਮਾਤ ਲਈ 100 ਸੀਟਾਂ ਹਨ ਪਰ 25 ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਿਦਿਆਰੀਆਂ ਲਈ ਰਾਖਵੀਆਂ ਹੁੰਦੀਆਂ ਹਨ। ਸਕੂਲ ਦੇ ਸਾਬਕਾ ਵਿਦਿਆਰਥੀਆਂ ਲਈ 5 ਸੀਟਾਂ ਅਤੇ ਸਕੂਲ ਵਿੱਚ ਪੜ੍ਹਦੇ ਭੈਣ ਭਰਾਵਾਂ ਲਈ 20 ਸੀਟਾਂ ਰਾਖਵੀਆਂ ਹਨ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਦੀਆਂ ਆਪਣੀਆਂ 10 ਸੀਟਾਂ ਹਨ ਤੇ ਇਸ ਵਾਰ ਇਕ ਸੀਟ ਸਟਾਫ ਲਈ ਰਾਖਵੀਂ ਸੀ। ਇਸ ਹਿਸਾਬ ਨਾਲ ਅੱਜ ਆਮ ਵਰਗ ਦੇ 20 ਲੜਕੇ ਤੇ 19 ਲੜਕੀਆਂ ਲਈ ਡਰਾਅ ਕੱਢਿਆ ਗਿਆ।