ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਅਪਰੈਲ
ਇਥੋਂ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ ਪੁਸਤਕਾਂ ਬਦਲਣ ਖ਼ਿਲਾਫ਼ ਮਾਪਿਆਂ ਨੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਪੁਸਤਕਾਂ ਬਦਲਣ ਅਤੇ ਕਿਤਾਬਫਰੋਸ਼ਾਂ ਨਾਲ ਕਥਿਤ ਗੱਠਜੋੜ ਹੋਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਮਾਪਿਆਂ ਨੇ ਮੰਗ ਕੀਤੀ ਕਿ ਹਰ ਸਾਲ ਪੁਸਤਕਾਂ ਬਦਲਣ ਦੀ ਥਾਂ ਸਕੂਲਾਂ ਵਿਚ ਬੁੱਕ ਬੈਂਕ ਸਥਾਪਿਤ ਕੀਤੇ ਜਾਣ ਤਾਂ ਕਿ ਮਾਪਿਆਂ ਦੀ ਆਰਥਿਕ ਲੁੱਟ ਨਾ ਹੋਵੇ।
ਪੇਰੈਂਟਸ ਯੂਨਿਟੀ ਫਾਰ ਜਸਟਿਸ ਦੇ ਪ੍ਰਧਾਨ ਹਿਰਦੇ ਪਾਲ ਸਿੰਘ ਅਤੇ ਜਨਰਲ ਸਕੱਤਰ ਮਨੀਸ਼ ਸੋਨੀ ਨੇ ਕਿਤਾਬਫਰੋਸ਼ਾਂ ਨਾਲ ਚੱਲ ਰਹੀ ਕਥਿਤ ਕਮਿਸ਼ਨ ਬਾਰੇ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਪੁਸਤਕਾਂ ਬਦਲਣ ਦੀ ਆੜ ਹੇਠ ਹਰ ਸਾਲ ਲੱਖਾਂ ਦਰੱਖਤ ਕੱਟੇ ਜਾਂਦੇ ਹਨ। ਇਸ ਕਰ ਕੇ ਵਾਤਾਵਰਨ ਨੂੰ ਬਚਾਉਣ ਲਈ ਪੁਸਤਕਾਂ ਹਰ ਸਾਲ ਨਾ ਬਦਲੀਆਂ ਜਾਣ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ 78 ਨਿੱਜੀ ਸਕੂਲ ਹਨ ਜਿਨ੍ਹਾਂ ਵਿੱਚ ਕੁੱਲ 1.56 ਲੱਖ ਬੱਚੇ ਪੜ੍ਹਦੇ ਹਨ। ਇੱਕ ਬੱਚੇ ਨੂੰ 7000 ਰੁਪਏ ਦੀਆਂ ਕਿਤਾਬਾਂ ਲੱਗਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਦਾ ਕਮਿਸ਼ਨ ਕਥਿਤ ਤੌਰ ’ਤੇ 30 ਤੋਂ 50 ਫੀਸਦੀ ਤੱਕ ਹੁੰਦਾ ਹੈ।