ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਸਤੰਬਰ
ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ 49 ਦੇ ਬਾਹਰ ਅੱਜ ਮਾਪਿਆਂ ਨੇ ਰੋਸ ਜ਼ਾਹਰ ਕੀਤਾ। ਉਨ੍ਹਾਂ ਸਕੂਲ ’ਤੇ ਲੁਕਵੇਂ ਢੰਗ ਨਾਲ ਫ਼ੀਸਾਂ ਵਧਾਉਣ ਤੇ ਵਿਦਿਆਰਥੀਆਂ ਨੂੰ ਸਹੂਲਤਾਂ ਨਾ ਦੇਣ ਦੇ ਦੋਸ਼ ਲਾਏ। ਮਾਪਿਆਂ ਨੇ ਰੋਸ ਜ਼ਾਹਰ ਕੀਤਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪ੍ਰਿੰਸੀਪਲ ਨੂੰ ਸਮੱਸਿਆਵਾਂ ਦਾ ਹੱਲ ਕਰਨ ਦੀ ਅਪੀਲ ਕਰ ਰਹੇ ਹਨ ਪਰ ਸਕੂਲ ਮੈਨੇਜਮੈਂਟ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੋਸ ਪ੍ਰਗਟਾਇਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ ਸੱਤ ਵਜੇ ਵੱਡੀ ਗਿਣਤੀ ’ਚ ਮਾਪੇ ਸਕੂਲ ਸਾਹਮਣੇ ਇਕੱਠੇ ਹੋਏ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਕਰੋਨਾ ਕਾਲ ਦੀਆਂ ਬਕਾਇਆ ਫ਼ੀਸਾਂ ਵੀ ਮੰਗੀਆਂ ਜਾ ਰਹੀਆਂ ਹਨ। ਮਾਪਿਆਂ ਨੇ ਦੱਸਿਆ ਕਿ ਨਿੱਜੀ ਸਕੂਲ ਸਾਲਾਨਾ ਅੱਠ ਫ਼ੀਸਦੀ ਤਕ ਫ਼ੀਸ ਵਧਾ ਸਕਦੇ ਹਨ ਪਰ ਸਕੂਲ ਨੇ 30 ਤੋਂ 40 ਫ਼ੀਸਦੀ ਤੱਕ ਫ਼ੀਸ ਵਧਾ ਦਿੱਤੀ ਹੈ। ਇੱਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਸਕੂਲ ਉਨ੍ਹਾਂ ਤੋਂ ਕਰੋਨਾ ਕਾਲ ਦੇ ਉਸ ਸਮੇਂ ਦੀ ਫ਼ੀਸ ਮੰਗ ਰਿਹਾ ਹੈ ਜਦੋਂ ਸਕੂਲ ਬੰਦ ਰਹੇ ਸਨ। ਪਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਵੱਲੋਂ ਕਰੋਨਾ ਕਾਲ ਦੀ ਡਿਵੈਲਪਮੈਂਟ ਤੇ ਕੰਪਿਊਟਰ ਫ਼ੀਸ ਮੰਗੀ ਜਾ ਰਹੀ ਹੈ ਜਦਕਿ ਉਸ ਵੇਲੇ ਬੱਚਿਆਂ ਨੇ ਘਰ ਰਹਿ ਕੇ ਹੀ ਪੜ੍ਹਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਡੀਈਓ ਨੂੰ ਵੀ ਸ਼ਿਕਾਇਤ ਕੀਤੀ ਹੈ। ਮਾਪਿਆਂ ਨੇ ਰੋਸ ਜ਼ਾਹਰ ਕੀਤਾ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਪ੍ਰਿੰਸੀਪਲ ਨੂੰ ਮਿਲਣ ਦਾ ਯਤਨ ਕਰ ਰਹੇ ਹਨ ਪਰ ਹਰ ਵਾਰ ਸਕੂਲ ਵੱਲੋਂ ਬਹਾਨਾ ਬਣਾ ਦਿੱਤਾ ਜਾਂਦ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਵਾਰ ਉਹ ਪ੍ਰਿੰਸੀਪਲ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ।
ਫਰਜ਼ੀ ਐਸੋਸੀਏਸ਼ਨ ਬਣਾਉਣ ਦੇ ਦੋਸ਼
ਮਾਪਿਆਂ ਨੇ ਦੋਸ਼ ਲਾਏ ਕਿ ਨਿਯਮਾਂ ਅਨੁਸਾਰ ਹਰ ਸਕੂਲ ਨੂੰ ਆਪਣੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਮੱਸਿਆ ਹੱਲ ਕਰਨ ਲਈ ਮਾਪਿਆਂ ਦੀ ਐਸੋਸੀਏਸ਼ਨ ਬਣਾਉਣੀ ਪੈਂਦੀ ਹੈ ਪਰ ਇਸ ਸਕੂਲ ਨੇ ਜਿਹੜੀ ਮਾਪਿਆਂ ਦੀ ਐਸੋਸੀਏਸ਼ਨ ਬਣਾਈ ਹੈ, ਉਸ ਵਿੱਚ ਬੱਚਿਆਂ ਦੇ ਮਾਪੇ ਹੀ ਸ਼ਾਮਲ ਨਹੀਂ ਹਨ। ਇਸ ਸੂਚੀ ਵਿੱਚ ਕਿਸੇ ਵੀ ਮਾਪੇ ਦਾ ਮੋਬਾਈਲ ਨੰਬਰ ਤਕ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਸੂਚੀ ਅਨੁਸਾਰ ਘਰ-ਘਰ ਜਾ ਕੇ ਪਤਾ ਕੀਤਾ ਤਾਂ ਇਹ ਸੂਚੀ ਫਰਜ਼ੀ ਨਿਕਲੀ। ਮਾਪਿਆਂ ਨੇ ਦੱਸਿਆ ਕਿ ਸਕੂਲ ਵਿੱਚ ਵਾਟਰ ਕੂਲਰਾਂ ਵਿੱਚੋਂ ਬਦਬੂ ਆਉਂਦੀ ਹੈ ਤੇ ਸਕੂਲ ਦੇ ਫਰਸ਼ ਟੁੱਟੇ ਹੋਏ ਹਨ।