ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਅਪਰੈਲ
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਨੇ ਪ੍ਰਧਾਨ ਨਿਤਿਨ ਗੋਇਲ ਦੀ ਅਗਵਾਈ ਹੇਠ ਅੱਜ ਵਫ਼ਦ ਨੇ ਸਿੱਖਿਆ ਸਕੱਤਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵਰਦੀਆਂ ’ਤੇ ਕਿਸੇ ਖਾਸ ਸਕੂਲ ਦਾ ਲੋਗੋ ਲਾਉਣ ’ਤੇ ਪਾਬੰਦੀ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਸਾਰ ਹੀ ਇੱਥੋਂ ਦੇ ਪ੍ਰਾਈਵੇਟ ਸਕੂਲਾਂ ਨੇ ਮਾਪਿਆਂ ਦੀ ਵਿੱਤੀ ਲੁੱਟ ਸ਼ੁਰੂ ਕਰ ਦਿੱਤੀ ਹੈ। ਪ੍ਰਾਈਵੇਟ ਸਕੂਲ, ਵਿਦਿਆਰਥੀਆਂ ਦੇ ਮਾਪਿਆਂ ਨੂੰ ਖਾਸ ਦੁਕਾਨਾਂ ਤੋਂ ਹੀ ਅਸਿੱਧੇ ਢੰਗ ਨਾਲ ਵਰਦੀਆਂ ਖਰੀਦਣ ਦਾ ਫੁਰਮਾਨ ਚਾੜ੍ਹ ਰਹੇ ਹਨ, ਸਕੂਲ ਵਾਲੇ ਅਜਿਹੀਆਂ ਵਰਦੀਆਂ ਖਰੀਦਣ ਨੂੰ ਕਹਿੰਦੇ ਹਨ ਜਿਹੜੀਆਂ ਖਾਸ ਦੁਕਾਨਾਂ ’ਤੇ ਹੀ ਉਪਲੱਬਧ ਹੁੰਦੀਆਂ ਹਨ। ਇਨ੍ਹਾਂ ਦੁਕਾਨਾਂ ’ਤੇ ਉਪਲੱਬਧ ਵਰਦੀਆਂ ਮਹਿੰਗੀਆਂ ਤੇ ਘਟੀਆ ਮਿਆਰ ਦੀਆਂ ਹੁੰਦੀਆਂ ਹਨ ਪਰ ਮਾਪੇ ਇਨ੍ਹਾਂ ਦੁਕਾਨਾਂ ਤੋਂ ਵਰਦੀਆਂ ਖਰੀਦਣ ਲਈ ਮਜਬੂਰ ਹਨ।
ਯੂਟੀ ਦੇ ਸਿੱਖਿਆ ਵਿਭਾਗ ਨੇ ਹੁਕਮ ਦਿੱਤੇ ਸਨ ਕਿ ਪਹਿਲੀ ਤੇ ਦੂਜੀ ਜਮਾਤ ਵਿੱਚ ਕੋਈ ਹੋਮ ਵਰਕ ਨਹੀਂ ਦਿੱਤਾ ਜਾਵੇਗਾ। ਪਹਿਲੀ ਤੇ ਦੂਜੀ ਜਮਾਤ ਲਈ ਭਾਸ਼ਾ ਤੇ ਗਣਿਤ ਨੂੰ ਛੱਡ ਕੇ ਅਤੇ ਤੀਜੀ ਤੋਂ ਪੰਜਵੀਂ ਜਮਾਤ ਲਈ ਭਾਸ਼ਾ, ਗਣਿਤ ਤੇ ਈਵੀਐੱਸ ਨੂੰ ਛੱਡ ਕੇ ਕੋਈ ਹੋਰ ਵਿਸ਼ਾ ਨਹੀਂ ਪੜ੍ਹਾਉਣਾ ਪਰ ਸਕੂਲਾਂ ਵੱਲੋਂ ਕੇਜੀ ਦੇ ਵਿਦਿਆਰਥੀਆਂ ਨੂੰ ਕੰਪਿਊਰ ਤੇ ਤਕਨਾਲੋਜੀ, ਆਰਟ ਤੇ ਕਰਾਫਟ, ਨੈਤਿਕ ਵਿਗਿਆਨ ਤੇ ਆਮ ਗਿਆਨ ਦੀਆਂ ਪੁਸਤਕਾਂ ਖਰੀਦਣ ਲਈ ਕਿਹਾ ਜਾ ਰਿਹਾ ਹੈ, ਉਨ੍ਹਾਂ ਸਿੱਖਿਆ ਸਕੱਤਰ ਕੋਲ ਕੁਝ ਸਕੂਲਾਂ ਦੀਆਂ ਕਿਤਾਬ ਸੂਚੀਆਂ ਵੀ ਪੇਸ਼ ਕੀਤੀਆਂ।
ਇਸ ਤੋਂ ਇਲਾਵਾ ਹਾਲੇ ਤੱਕ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਸਕੂਲਾਂ ਨੇ ਆਪਣੀ ਆਮਦਨੀ ਦੇ ਵੇਰਵੇ ਆਪਣੀ ਵੈਬਸਾਈਟ ’ਤੇ ਅਪਲੋਡ ਨਹੀਂ ਕੀਤੇ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਕੂਲਾਂ ਨੂੰ ਹੁਕਮ ਦਿੱਤੇ ਸਨ ਕਿ ਉਹ ਆਪਣੀ ਬੈਲੈਂਸ ਸ਼ੀਟ ਜਨਤਕ ਕਰਨ ਪਰ ਸਕੂਲਾਂ ਵਾਲੇ ਅਜਿਹਾ ਨਹੀਂ ਕਰ ਰਹੇ ਕਿਉਂਕਿ ਸਕੂਲ ਆਪਣੀ ਆਮਦਨ ਲੁਕਾ ਰਹੇ ਹਨ ਤੇ ਉਨ੍ਹਾਂ ਕੋਲ ਹਾਲੇ ਵੀ ਆਮਦਨੀ ਦੇ ਵੱਡੇ ਸਰੋਤ ਪਏ ਹਨ ਤੇ ਸਕੂਲ ਬੇਵਜ੍ਹਾ ਘਾਟੇ ਦਾ ਬਹਾਨਾ ਬਣਾ ਕੇ ਮਾਪਿਆਂ ’ਤੇ ਭਾਰੀ ਫੀਸਾਂ ਦੇਣ ਲਈ ਦਬਾਅ ਪਰ ਰਹੇ ਹਨ।
ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਪੁਸਤਕਾਂ ਕਾਰਨ ਰੋਸ
ਪੰਜਾਬ ਤੇ ਹਰਿਆਣਾ ਹਾਈ ਕੋਰਟ, ਸਿੱਖਿਆ ਵਿਭਾਗ ਤੇ ਕੌਮੀ ਬਾਲ ਕਮਿਸ਼ਨ ਨੇ ਹੁਕਮ ਦਿੱਤੇ ਸਨ ਕਿ ਸਕੂਲਾਂ ਵਿੱਚ ਸਿਰਫ ਐੱਨਸੀਈਆਰਟੀ ਦੀਆਂ ਪੁਸਤਕਾਂ ਹੀ ਪੜ੍ਹਾਈਆਂ ਜਾਣ ਪਰ ਸਕੂਲਾਂ ਵਾਲੇ ਇਕ ਦੋ ਪੁਸਤਕਾਂ ਛੱਡ ਕੇ ਬਾਕੀ ਪੁਸਤਕਾਂ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਖਰੀਦਣ ਲਈ ਕਹਿੰਦੇ ਹਨ। ਇਹ ਪੁਸਤਕਾਂ ਕਾਫੀ ਮਹਿੰਗੀਆਂ ਹੁੰਦੀਆਂ ਹਨ ਜਿਸ ਕਾਰਨ ਮਾਪਿਆਂ ਦਾ ਵਿੱਤੀ ਸ਼ੋਸ਼ਣ ਹੁੰਦਾ ਹੈ। ਸਕੂਲਾਂ ਵਾਲੇ ਹਰ ਵਿਸ਼ੇ ਦੀਆਂ ਦੋ ਤੋਂ ਤਿੰਨ ਪੁਸਤਕਾਂ ਲਿਆਉਣ ਨੂੰ ਕਹਿੰਦੇ ਹਨ, ਜੇ ਵਿਦਿਆਰਥੀ ਇਹ ਸਾਰੀਆਂ ਪੁਸਤਕਾਂ ਲਿਆਉਂਦੇ ਹਨ ਤਾਂ ਉਨ੍ਹਾਂ ਦੇ ਸਕੂਲ ਦੇ ਬਸਤੇ ਦਾ ਭਾਰ ਵਧ ਜਾਂਦਾ ਹੈ ਜੋ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪਾਉਂਦਾ ਹੈ।