ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ 8 ਸਾਲ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਵਾਪਸੀ ਹੋਈ ਹੈ ਤੇ ਉਹ ਅੱਜ ਕਮੇਟੀ ਐਕਟ ਮੁਤਾਬਕ ਕੋਅਪਟ ਕੀਤੇ ਜਾਣ ਵਾਲੇ ਦੋ ਮੈਂਬਰਾਂ ਵਿੱਚੋਂ ਇੱਕ ਮੈਂਬਰ ਵਜੋਂ ਚੁਣੇ ਗਏ। ਉਨ੍ਹਾਂ ਨੂੰ ਵਿਰੋਧੀ ਧਿਰ ਦੀਆਂ 18 ਵੋਟਾਂ ਮਿਲੀਆਂ ਤੇ ਜਾਗੋ ਪਾਰਟੀ ਦੇ 3, ਪੰਥਕ ਅਕਾਲੀ ਲਹਿਰ ਦੇ ਇੱਕ ਤੇ ਇੱਕ ਆਜ਼ਾਦ ਜਿੱਤੇ ਮੈਂਬਰ ਸਮੇਤ ਉਨ੍ਹਾਂ ਦੇ ਆਪਣੇ ਧੜੇ ਦੇ 13 ਮੈਂਬਰਾਂ ਨੇ ਵੋਟਾਂ ਸ੍ਰੀ ਸਰਨਾ ਦੇ ਹੱਕ ਵਿੱਚ ਪਾਈਆਂ। ਸਰਨਾ ਧੜੇ ਦਾ ਇੱਕ ਜਿੱਤਿਆ ਮੈਂਬਰ ਸੁਖਬੀਰ ਸਿੰਘ ਕਾਲੜਾ ਦਲ ਬਦਲੀ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲ ਹੋ ਚੁੱਕਾ ਹੈ। ਜਿੱਤੇ 46 ਮੈਂਬਰਾਂ ਵਿੱਚੋਂ ਘੱਟੋ-ਘੱਟ 16-16 ਵੋਟਾਂ ਲੈ ਕੇ ਦੋ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਰੋਹਿਣੀ ਨੂੰ 15 ਵੋਟਾਂ ਮਿਲੀਆਂ ਹਨ, ਪਰ ਉਨ੍ਹਾਂ ਦੇ ਮੈਂਬਰ ਵਜੋਂ ਚੁਣੇ ਜਾਣ ਦਾ ਐਲਾਨ ਭਲਕੇ ਕੀਤਾ ਜਾਵੇਗਾ।
ਪ੍ਰੀਤ ਵਿਹਾਰ ਤੋਂ ਜਿੱਤੇ ਬਾਦਲ ਧੜੇ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਬਾਰੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਉਸ ਨੂੰ ਨਾਮਜ਼ਦਗੀ ਤੇ ਜਨਰਲ ਹਾਊਸ ਦੀ ਬਣਤਰ ਦੌਰਾਨ ਵੋਟ ਪਾਉਣ ਦੇ ਮਿਲੇ ਹੋਏ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ। ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਸ੍ਰੀ ਭੁੱਲਰ ਦੀ ਵੋਟ ਸੀਲਬੰਦ ਲਿਫ਼ਾਫ਼ੇ ਵਿੱਚ ਬੰਦ ਕਰਕੇ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਉਣ ਮਗਰੋਂ 10 ਸਤੰਬਰ ਨੂੰ ਅਦਾਲਤ ਵਿੱਚ ਉਹ ਵੋਟ ਖੋਲ੍ਹੀ ਜਾਵੇਗੀ। ਇਸ ਵੋਟ ਦੇ ਮਿਲਣ ਮਗਰੋਂ ਵਿਕਰਮ ਸਿੰਘ ਰੋਹਿਣੀ ਨੂੰ ਨਾਮਜ਼ਦ ਕਰਨ ਦੀ ਸਿਰਫ਼ ਰਸਮ ਰਹਿ ਜਾਵੇਗੀ। ਹਾਲਾਂ ਕਿ ਜੇਐੱਸ ਜੌਲੀ ਵੀ ਬਾਦਲ ਧੜੇ ਵੱਲੋਂ ਖੜ੍ਹਾ ਕੀਤਾ ਗਿਆ ਸੀ ਜਿਸ ਨੂੰ 12 ਵੋਟਾਂ ਮਿਲੀਆਂ।
ਕੈਪਸ਼ਨ: ਹਰਵਿੰਦਰ ਸਿੰਘ ਸਰਨਾ ਮਨਜੀਤ ਸਿੰਘ ਜੀਕੇ ਤੇ ਗੁਰਮੀਤ ਸਿੰਘ ਸ਼ੰਟੀ ਨਾਲ ਮੀਡੀਆ ਦੇ ਰੂਬਰੂ ਹੋਏ। -ਫੋਟੋ: ਦਿਓਲ